4 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਸਕੂਲ ਡਰਾਈਵਰ ਨੂੰ 20 ਸਾਲ ਦੀ ਜੇਲ੍ਹ

Tuesday, Apr 18, 2023 - 03:13 PM (IST)

4 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਸਕੂਲ ਡਰਾਈਵਰ ਨੂੰ 20 ਸਾਲ ਦੀ ਜੇਲ੍ਹ

ਹੈਦਰਾਬਾਦ- ਇੱਥੋਂ ਦੀ ਇਕ ਫਾਸਟ ਟਰੈਕ ਅਦਾਲਤ ਨੇ ਮੰਗਲਵਾਰ ਯਾਨੀ ਕਿ ਅੱਜ ਹੈਦਰਾਬਾਦ ਦੇ ਇਕ ਪ੍ਰਾਈਵੇਟ ਸਕੂਲ ਦੇ ਡਰਾਈਵਰ ਨੂੰ 4 ਸਾਲ ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਅਦਾਲਤ ਨੇ 34 ਸਾਲਾ ਬੀਮਾਨਾ ਰਜਨੀ ਕੁਮਾਰ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ। ਹਾਲਾਂਕਿ ਸਕੂਲ ਦੀ ਪ੍ਰਿੰਸੀਪਲ ਐੱਸ. ਮਾਧਵੀ ਨੂੰ ਬਰੀ ਕਰ ਦਿੱਤਾ ਗਿਆ।

ਪ੍ਰਿੰਸੀਪਲ ਦੇ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਹੇ ਕੁਮਾਰ ਨੂੰ ਪਿਛਲੇ ਸਾਲ 19 ਅਕਤੂਬਰ ਨੂੰ LKG ਦੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬੰਜਾਰਾ ਹਿੱਲਜ਼ ਸਥਿਤ DAV ਪਬਲਿਕ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਲਾਪ੍ਰਵਾਹੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪੀੜਤਾ ਦੇ ਮਾਪਿਆਂ ਨੇ ਆਪਣੀ ਬੱਚੀ ਦੇ ਵਿਵਹਾਰ 'ਚ ਬਦਲਾਅ ਵੇਖਿਆ।  ਪੀੜਤ ਕੁੜੀ ਤੋਂ ਪੁੱਛ-ਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਰਜਨੀ ਕੁਮਾਰ ਪਿਛਲੇ ਤਿੰਨ ਮਹੀਨੇ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਉਹ ਉਸ ਨੂੰ ਕਲਾਸਰੂਮ ਤੋਂ ਡਿਜੀਟਲ ਕਲਾਸਰੂਮ ਲੈ ਕੇ ਜਾਂਦਾ ਸੀ। ਇਹ ਸੁਣ ਕੇ ਪੀੜਤਾ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਸਕੂਲ ਪਹੁੰਚੇ ਅਤੇ ਡਰਾਈਵਰ ਦੀ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਪੁਲਸ ਵਲੋਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਡਰਾਈਵਰ ਕੁਮਾਰ 'ਤੇ ਆਈ. ਪੀ. ਸੀ. ਦੀ ਧਾਰਾ-376 ਏ ਅਤੇ ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਧਾਰਾ-6 ਨੂੰ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਵੀ ਜੋੜਿਆ ਗਿਆ। ਪੀੜਤਾ ਦੇ ਮਾਪਿਆਂ ਅਤੇ ਹੋਰ ਲੋਕਾਂ ਦੇ ਵਿਰੋਧ ਮਗਰੋਂ ਪੁਲਸ ਨੇ ਲਾਪ੍ਰਵਾਹੀ ਦੇ ਦੋਸ਼ ਵਿਚ ਪ੍ਰਿੰਸੀਪਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਮਗਰੋਂ ਤੇਲੰਗਾਨਾ ਸਰਕਾਰ ਨੇ ਪ੍ਰਾਈਵੇਟ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਸੀ, ਕਿਉਂਕਿ ਇਸ ਘਟਨਾ ਨੂੰ ਲੈ ਕੇ ਜਨਤਾ ਵਿਚ ਰੋਹ ਸੀ। ਜਿਸ ਤੋਂ ਬਾਅਦ ਸਰਕਾਰ ਨੇ ਸਕੂਲਾਂ 'ਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਦੇ ਉਪਾਵਾਂ ਦੀ ਸਿਫਾਰਸ਼ ਕਰਨ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ।


author

Tanu

Content Editor

Related News