ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ...ਫਿਰ ਸੁਪਾਰੀ ਦੇ ਕੇ ਮਰਵਾਇਆ
Thursday, May 22, 2025 - 03:44 PM (IST)

ਬਿਹਾਰ- ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਵਿਚ ਇਕ ਸ਼ਖ਼ਸ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀ ਖੁਆਇਸ਼ ਵਿਚ ਖ਼ੌਫਨਾਕ ਸਾਜ਼ਿਸ਼ ਰਚ ਦਿੱਤੀ। ਉਸ ਨੇ ਪਹਿਲਾਂ ਪਤਨੀ ਦਾ ਬੀਮਾ ਕਰਵਾਇਆ ਅਤੇ ਫਿਰ ਕਲੇਮ ਦੇ ਪੈਸੇ ਹੜੱਪਣ ਲਈ ਸੁਪਾਰੀ ਦੇ ਕੇ ਪਤਨੀ ਦਾ ਕਤਲ ਕਰਵਾ ਦਿੱਤਾ। ਉੱਥੇ ਹੀ ਪੁਲਸ ਨੇ ਦੋਸ਼ੀ ਪਤੀ ਅਤੇ ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ।
ਪਹਿਲਾਂ ਬੀਮਾ ਕਰਵਾਇਆ ਫਿਰ ਮਰਵਾਇਆ
ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਬੈਰਗਨੀਆਂ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਨੂੰ 2 ਮਈ ਨੂੰ ਦਿਨ-ਦਿਹਾੜੇ ਗੋਲੀ ਮਾਰੀ ਗਈ ਸੀ। 3 ਮਈ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਉਸ ਦੇ ਪਤੀ ਭਾਈ ਭੂਸ਼ਣ ਬਿਹਾਰੀ ਨੇ ਹੀ ਉਸ ਦਾ ਕਤਲ ਕਰਵਾਇਆ ਹੈ। ਹਾਲਾਂਕਿ ਦੋਸ਼ੀ ਪਤੀ ਖ਼ੁਦ ਨੂੰ ਬੇਕਸੂਰ ਸਾਬਤ ਕਰਨ ਲਈ ਥਾਣੇ ਪਹੁੰਚ ਗਿਆ।
ਕਤਲ ਨੂੰ ਦੱਸਿਆ ਲੁੱਟ-ਖੋਹ ਦਾ ਸ਼ਿਕਾਰ
ਦੋਸ਼ੀ ਨੇ ਚਾਰ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕਰਾਉਂਦੇ ਹੋਏ ਦੱਸਿਆ ਕਿ ਰਾਹ ਵਿਚ ਕੁਝ ਅਪਰਾਧੀਆਂ ਨੇ ਲੁੱਟ-ਖੋਹ ਲਈ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕੀਤੀ, ਜਿਸ ਵਿਚ ਉਸ ਦੀ ਪਤਨੀ ਨੂੰ ਗੋਲੀ ਲੱਗ ਗਈ। ਸ਼ੱਕ ਮਗਰੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮਾਮਲੇ ਦਾ ਖ਼ੁਲਾਸਾ ਹੋਇਆ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਅਤੇ ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਅੱਗੇ ਦੀ ਕਾਰਵਾਈ ਵਿਚ ਜੁੱਟ ਗਈ ਹੈ।
ਮਾਮਲੇ 'ਚ ਖ਼ੁਲਾਸਾ ਹੋਇਆ ਹੈ ਕਿ ਦੋਸ਼ੀ ਪਤੀ ਦਾ ਇਕ ਔਰਤ ਨਾਲ ਪ੍ਰੇਮ ਸਬੰਧ ਸੀ ਅਤੇ ਉਹ ਉਸ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਸ ਨੇ ਪਤਨੀ ਨੂੰ ਰਾਹ ਤੋਂ ਹਟਾਉਣ ਲਈ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਇਸ ਤੋਂ ਪਹਿਲਾਂ ਉਸ ਨੇ ਪਤਨੀ ਦੀ ਬੀਮਾ ਕਰਵਾਇਆ ਅਤੇ ਫਿਰ ਪਰਵਾ ਨਾਂ ਦੇ ਨੌਜਵਾਨ ਨੂੰ 2 ਲੱਖ ਰੁਪਏ ਦੀ ਸੁਪਾਰੀ ਦੇ ਕੇ ਪਤਨੀ ਦਾ ਕਤਲ ਕਰਵਾ ਦਿੱਤਾ।