ਅਫ਼ਰੀਕੀ ਦੇਸ਼ ''ਚ ਪਤੀ ਨੇ ਔਰਤ ਨਾਲ ਕੀਤੀ ਕੁੱਟਮਾਰ, ਸੁਰੱਖਿਅਤ ਵਾਪਸ ਲਿਆਂਦਾ ਗਿਆ ਭਾਰਤ
Saturday, Jun 11, 2022 - 05:39 PM (IST)

ਠਾਣੇ (ਭਾਸ਼ਾ)- ਮੱਧ ਅਫ਼ਰੀਕੀ ਦੇਸ਼ 'ਚ 25 ਸਾਲਾ ਇਕ ਭਾਰਤੀ ਔਰਤ ਨੂੰ ਉਸ ਦੇ ਪਤੀ ਵਲੋਂ ਤੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਠਾਣੇ ਦੀ ਐੱਮ.ਬੀ.ਵੀ.ਵੀ. ਪੁਲਸ ਦੀ ਅਪਰਾਧ ਸ਼ਾਖਾ ਦੀ 'ਭਰੋਸਾ ਸੈੱਲ' ਔਰਤ ਨੂੰ ਉੱਥੋਂ ਵਾਪਸ ਭਾਰਤ ਲੈ ਆਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 'ਭਰੋਸਾ ਸੈੱਲ' ਦੀ ਸਹਾਇਕ ਪੁਲਸ ਇੰਸਪੈਕਟਰ ਤੇਜਸ਼੍ਰੀ ਸ਼ਿੰਦੇ ਨੇ ਦੱਸਿਆ ਕਿ ਔਰਤ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦਾ ਪਤੀ ਪਿਛਲੇ ਕਈ ਹਫ਼ਤਿਆਂ ਤੋਂ ਉਸ ਦੀ ਕੁੱਟਮਾਰ ਕਰ ਰਿਹਾ ਸੀ।
ਔਰਤ ਦਾ ਪਤੀ ਅਫ਼ਰੀਕੀ ਦੇਸ਼ ਦੀ ਇਕ ਕੰਪਨੀ 'ਚ ਤਾਇਨਾਤ ਹੈ। ਸ਼ਿੰਦੇ ਨੇ ਕਿਹਾ,''ਪੀੜਤ ਔਰਤ ਇੱਥੇ ਠਾਣੇ 'ਚ ਰਹਿ ਰਹੀ ਆਪਣੀ ਮਾਂ ਨਾਲ ਸੰਪਰਕ ਕਰਨ 'ਚ ਅਸਮਰੱਥ ਸੀ, ਕਿਉਂਕਿ ਉਸ ਨੂੰ ਮੋਬਾਇਲ ਫ਼ੋਨ ਨਹੀਂ ਦਿੱਤਾ ਗਿਆ ਸੀ ਅਤੇ ਘਰੋਂ ਬਾਹਰ ਨਿਕਲਣ ਦੀ ਮਨਜ਼ੂਰੀ ਵੀ ਨਹੀਂ ਸੀ। ਘਰੇਲੂ ਸਹਾਇਕ ਦੀ ਮਦਦ ਨਾਲ ਪੀੜਤ ਔਰਤ ਇੱਥੇ ਆਪਣੀ ਮਾਂ ਨੂੰ ਇਕ ਵੀਡੀਓ ਕਾਲ ਕਰ ਸਕੀ। ਉਸ ਦੀ ਮਾਂ ਨੇ ਸਾਡੇ ਸੰਪਰਕ ਕੀਤਾ, ਜਿਸ ਤੋਂ ਬਾਅਦ ਅਸੀਂ ਉੱਥੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ। ਸਾਰੀਆਂ ਰਸਮਾਂ ਨੂੰ ਪੂਰਾ ਕਰਨ ਤੋਂ ਬਾਅਦ, ਔਰਤ ਨੂੰ 9 ਜੂਨ ਨੂੰ ਭਾਰਤ ਵਾਪਸ ਲਿਆਂਦਾ ਗਿਆ ਅਤੇ ਉਸ ਦੀ ਮਾਂ ਨਾਲ ਫਿਰ ਤੋਂ ਮਿਲਾ ਦਿੱਤਾ ਗਿਆ।