ਕੋਰੋਨਾ ਨਿਯਮਾਂ 'ਚ ਢਿੱਲ ਮਿਲਦੇ ਹੀ ਸੈਲਾਨੀਆਂ ਨੇ ਹਿਮਾਚਲ ਨੂੰ ਘੱਤੀਆਂ ਵਹੀਰਾਂ, ਸੜਕਾਂ 'ਤੇ ਲੱਗਾ ਲੰਮਾ ਜਾਮ
Monday, Jun 14, 2021 - 11:47 AM (IST)
ਹਿਮਾਚਲ- ਹਿਮਾਚਲ ਪ੍ਰਦੇਸ਼ ਨੇ ਹਾਲ ਹੀ 'ਚ ਰਾਜ 'ਚ ਪ੍ਰਵੇਸ਼ ਕਰਨ ਲਈ ਹੁਣ ਕੋਰੋਨਾ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਟੈਸਟ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਂਦੇ ਹੀ ਰਾਜ ਵੱਲ ਜਾਣ ਵਾਲੀ ਸੜਕ 'ਤੇ ਸੈਂਕੜੇ ਕਾਰਾਂ ਦੀਆਂ ਲਾਈਨ ਲੱਗ ਗਈ। ਇਸ ਦੌਰਾਨ 2300 ਗੱਡੀਆਂ ਦੀ ਲਾਈਨ ਕਾਰਨ ਭਿਆਨਕ ਜਾਮ ਦਿਖਾਈ ਦਿੱਤਾ। ਦਰਅਸਲ ਪੂਰੇ ਉੱਤਰ ਭਾਰਤ 'ਚ ਪਾਰਾ ਚੜ੍ਹਨ ਨਾਲ ਸੈਲਾਨੀ ਭਿਆਨਕ ਗਰਮੀ ਤੋਂ ਕੁਝ ਰਾਹਤ ਲਈ ਪਹਾੜੀਆਂ ਵੱਲ ਜਾ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਐਂਟਰੀ ਪੁਆਇੰਟ ਸੋਲਨ ਜ਼ਿਲ੍ਹੇ ਦੇ ਪਰਵਾਨੋ ਕੋਲ ਵੀ ਕਾਰਾਂ ਅਤੇ ਐੱਸ.ਯੂ.ਵੀ. ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ, ਜਿੱਥੇ ਈ-ਪਾਸ ਚੈੱਕ ਕੀਤਾ ਜਾ ਰਿਹਾ ਸੀ। ਹਾਲਾਂਕਿ ਹੋਰ ਰਾਜਾਂ ਦੇ ਸੈਲਾਨੀਆਂ ਲਈ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਹਿਮਾਚਲ 'ਚ ਦਾਖ਼ਲ ਹੋਣ ਲਈ ਹਾਲੇ ਵੀ ਇਕ ਕੋਵਿਡ ਈ-ਪਾਸ ਦੀ ਜ਼ਰੂਰਤ ਹੈ। ਪਿਛਲੇ 36 ਘੰਟਿਆਂ 'ਚ ਲਗਭਗ 5 ਹਜ਼ਾਰ ਵਾਹਨ ਸ਼ੋਘੀ ਬੈਰੀਅਰ ਤੋਂ ਰਾਜਧਾਨੀ ਸ਼ਿਮਲਾ 'ਚ ਦਾਖ਼ਲ ਹੋਏ। ਸ਼ਹਿਰ 'ਚ ਸੈਲਾਨੀਆਂ ਦੀ ਆਵਾਜਾਈ 'ਚ ਉਛਾਲ ਜਾਰੀ ਹੈ।
ਸ਼ਿਮਲਾ ਪੁਲਸ ਨੇ ਸੈਲਾਨੀਆਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜ ਅਤੇ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਗਿਰਾਵਟ ਦਰਮਿਆਨ, ਹਿਮਾਚਲ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਫਿਊ 'ਚ ਢਿੱਲ ਦੇਣ ਦਾ ਐਲਾਨ ਕੀਤਾ, ਜਿਸ 'ਚ ਸੈਲਾਨੀਆਂ ਨੂੰ ਬਿਨਾਂ ਕਿਸੇ ਨੈਗੇਟਿਵ ਕੋਵਿਡ ਪ੍ਰੀਖਣ ਦੇ ਯਾਤਰਾ ਕਰਨ ਦੀ ਮਨਜ਼ੂਰੀ ਦੇਣਾ ਸ਼ਾਮਲ ਹੈ। ਹਾਲਾਂਕਿ ਕੁਝ ਪਾਬੰਦੀਆਂ ਨਾਲ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ।