ਬਡਗਾਮ ’ਚ ਮਨੁੱਖੀ ਸਮੱਗਲਿੰਗ ਗਿਰੋਹ ਦਾ ਭਾਂਡਾ ਭੱਜਾ, 3 ਗ੍ਰਿਫਤਾਰ, 14 ਜਨਾਨੀਆਂ ਨੂੰ ਕਰਵਾਇਆ ਮੁਕਤ

Saturday, Oct 29, 2022 - 03:49 PM (IST)

ਬਡਗਾਮ ’ਚ ਮਨੁੱਖੀ ਸਮੱਗਲਿੰਗ ਗਿਰੋਹ ਦਾ ਭਾਂਡਾ ਭੱਜਾ, 3 ਗ੍ਰਿਫਤਾਰ, 14 ਜਨਾਨੀਆਂ ਨੂੰ ਕਰਵਾਇਆ ਮੁਕਤ

ਸ਼੍ਰੀਨਗਰ (ਅਰੀਜ)– ਪੁਲਸ ਨੇ ਸ਼ੁੱਕਰਵਾਰ ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਮਨੁੱਖੀ ਸਮੱਗਲਿੰਗ ਗਿਰੋਹ ਦਾ ਭਾਂਡਾ ਭੰਨਿਆ। ਪੁਲਸ ਨੇ ਦੱਸਿਆ ਕਿ ਜ਼ਿਲੇ ਵਿਚ ਮਨੁੱਖੀ ਸਮੱਗਲਿੰਗ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਥਾਣਾ ਬਡਗਾਮ ਦੀ ਇਕ ਟੀਮ ਨੇ ਦੁਲੀਪੋਰਾ ਵਿਚ ਇਕ ਵਿਸ਼ੇਸ਼ ਸਥਾਨ ’ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਸ ਟੀਮ ਨੇ ਸ਼ਮੀਮ ਅਹਿਮਦ ਭੱਟ ਪੁੱਤਰ ਅਬਦੁੱਲ ਰਹਿਮਾਨ ਭੱਟ ਵਾਸੀ ਦੁਲੀਪੋਰਾ ਪਾਰਥਨ ਦੇ ਘਰ ਅਤੇ ਨੇੜੇ-ਤੇੜੇ ਦੇ ਸਥਾਨਾਂ ਤੋਂ 14 ਜਨਾਨੀਆਂ ਨੂੰ ਮੁਕਤ ਕਰਵਾਇਆ।

ਪੁਲਸ ਟੀਮ ਨੇ ਸ਼ਗੁਫਤਾ ਪਤਨੀ ਬਸ਼ੀਰ ਅਹਿਮਦ ਵਾਨੀ ਅਤੇ ਅਸਮਤ ਪਤਨੀ ਸ਼ਫੀਕ ਅਹਿਮਦ ਵਾਨੀ ਦੋਵੇਂ ਵਾਸੀ ਦੁਲੀਪੋਰਾ ਪਾਰਥਨ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਪੁਲਸ ਥਾਣਾ ਬਡਗਾਮ ਵਿਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ਬਡਗਾਮ ਜ਼ਿਲੇ ਅਤੇ ਵਾਦੀ ਦੇ ਹੋਰਨਾਂ ਹਿੱਸਿਆਂ ਤੋਂ ਲੜਕੀਆਂ ਨੂੰ ਖਰੀਦ ਕੇ ਮਨੁੱਖੀ ਸਮੱਗਲਿੰਗ ਕਰਦੇ ਸਨ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ ਅਤੇ ਕਈ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਇਸ ਦੌਰਾਨ ਮੁਕਤ ਕਰਵਾਈਆਂ ਪੀੜਤਾਂ ਨੂੰ ਨਾਰੀ ਨਿਕੇਤਨ ਮੁੜ-ਵਸੇਬਾ ਕੇਂਦਰ ਚਾਡੂਰਾ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


author

Rakesh

Content Editor

Related News