ਪੰਜਾਬ ਦੇ 5 ਲੋਕਾਂ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਦਰਜ

Tuesday, Apr 03, 2018 - 11:51 PM (IST)

ਨਵੀਂ ਦਿੱਲੀ/ਪੰਜਾਬ— ਕੇਂਦਰੀ ਜਾਂਚ ਬਿਓਰੋ(ਸੀ. ਬੀ. ਆਈ.) ਨੇ ਪੰਜਾਬ ਦੇ 5 ਲੋਕਾਂ ਖਿਲਾਫ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਅਤੇ ਦਿੱਲੀ ਦੇ 4 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਪੰਜਾਬ ਦੇ ਲਲਿਤ ਡੇਵਿਡ ਧਵਨ, ਸੰਜੀਵ ਰਾਜ ਅਤੇ ਵਰੁਣ ਚੌਧਰੀ ਅਤੇ ਕੁੱਝ ਹੋਰ ਵਿਅਕਤੀਆਂ ਖਿਲਾਫ ਅਪਰਾਧਿਕ ਸਾਜਿਸ਼ ਰਚਣ, ਮਨੁੱਖੀ ਤਸਕਰੀ, ਧੋਖਾਧੜੀ, ਫਰਜੀਵਾੜਾ ਅਤੇ ਫਰਜੀ ਦਸਤਾਵੇਜ਼ਾਂ ਨੂੰ ਅਸਲੀ ਦੀ ਤਰ੍ਹਾਂ ਇਸਤੇਮਾਲ ਕਰਨ ਦੇ ਦੋਸ਼ਾਂ ਲਈ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਇਹ ਗਿਰੋਹ ਦਿੱਲੀ ਅਤੇ ਪੰਜਾਬ 'ਚ ਸਰਗਰਮ ਸੀ ਜੋ ਪੰਜਾਬ ਦੇ 11 ਨਾਬਾਲਿਗਾਂ ਨੂੰ ਸਕੂਲੀ ਵਿਦਿਆਰਥੀ ਦੱਸ ਕੇ ਐਜੁਕੇਸ਼ਨ ਵੀਜ਼ਾ 'ਤੇ ਅਮਰੀਕਾ ਭੇਜਣ ਦੀ ਤਿਆਰੀ 'ਚ ਸੀ। ਸੀ. ਬੀ. ਆਈ. ਨੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਹ ਉਸ ਗਿਰੋਹ ਨਾਲ ਜੁੜਿਆ ਮਾਮਲਾ ਤਾਂ ਨਹੀਂ ਹੈ, ਜਿਨ੍ਹਾਂ ਦੀ ਚੁੰਗਲ 'ਚੋਂ ਪਿਛਲੇ ਸਾਲ ਦਸੰਬਰ 'ਚ 25 ਨਾਬਾਲਿਗਾਂ ਨੂੰ ਛੁਡਾਇਆ ਗਿਆ ਸੀ। ਸੀ. ਬੀ. ਆਈ. ਨੇ ਪੰਜਾਬ 'ਚ ਇਕ ਟਿਕਾਣੇ 'ਤੇ ਦਿੱਲੀ 'ਚ 5 ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਛਾਪੇਮਾਰੀ ਦੀ ਕਾਰਵਾਈ ਦੇ ਦੌਰਾਨ ਜਾਂਚ ਏਜੰਸੀ ਨੇ ਲੱਖਾਂ ਦੀ ਭਾਰਤੀ ਕਰੰਸੀ ਤੋਂ ਇਲਾਵਾ 25 ਹਜ਼ਾਰ ਯੂ. ਐਸ. ਡਾਲਰ, ਬਰਾਮਦ ਕਰਨ ਦੇ ਨਾਲ ਹੀ 178 ਹਾਰਡ ਡਿਸਕ ਵੀ ਕਬਜ਼ੇ 'ਚ ਲੈ ਲਈ ਹੈ। ਜਿਸ ਨਜਾਇਜ਼ ਦਸਤਾਵੇਜ਼ਾਂ ਦੇ ਅਧਾਰ 'ਤੇ ਵੱਖ-ਵੱਖ ਦੇਸ਼ਾਂ 'ਚ ਭੇਜੇ ਜਾਣ ਦੇ ਸੰਕੇਤ ਮਿਲੇ ਹਨ। ਚੋਟੀ ਦੀ ਜਾਂਚ ਏਜੰਸੀ 'ਚ ਯੂ. ਐਸ. ਦੁਤਾਵਾਸ ਦੀ ਸਹਾਇਤਾ ਲਵੇਗੀ। ਇਹ ਗਿਰੋਹ ਨਾਬਾਲਿਗਾਂ ਦੇ ਮਾਤਾ-ਪਿਤਾ ਨੂੰ ਉਚ ਸਿੱਖਿਆ ਦੇ ਨਾਂ 'ਤੇ ਫਸਾਉਂਦਾ ਸੀ ਅਤੇ ਹਰ ਬੱਚੇ ਦੇ ਮਾਤਾ-ਪਿਤਾ ਤੋਂ ਵੀਜ਼ਾ ਬਣਵਾਉਣ ਦੇ ਨਾਂ 'ਤੇ 30 ਲੱਖ ਰੁਪਏ ਵਸੂਲੇ ਗਏ ਸਨ। ਗਿਰੋਹ ਦੇ ਲੋਕਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਪਠਾਨਕੋਟ ਸਥਿਤ ਇਕ ਸਕੂਲ ਦਾ ਵਿਦਿਆਰਥੀ ਦੱਸਣ ਦੇ ਨਾਲ ਹੀ ਖੁਦ ਨੂੰ ਸਕੂਲ ਦਾ ਪ੍ਰਿੰਸੀਪਲ ਦੱਸਿਆ ਸੀ। ਜਦਕਿ ਇਨ੍ਹਾਂ ਦਾ ਸਕੂਲ ਨਾਲ ਕੋਈ ਸੰਬੰਧ ਹੀ ਨਹੀਂ ਸੀ। ਜਾਂਚ ਏਜੰਸੀ ਨੇ ਦੋਸ਼ੀਆਂ ਦੇ ਦਿੱਲੀ ਸਥਿਤ 4 ਟਿਕਾਣਿਆਂ 'ਤੇ ਮੰਗਲਵਾਰ ਨੂੰ ਛਾਪੇ ਮਾਰੇ, ਜਿਨ੍ਹਾਂ 'ਚ ਅਪਮਾਨਜਕ ਦਸਤਾਵੇਜ ਅਤੇ ਕੁੱਝ ਹੋਰ ਸਮੱਗਰੀ ਬਰਾਮਦ ਕੀਤੀ ਗਈ। ਸੀ. ਬੀ. ਆਈ. ਮਾਮਲੇ ਦੀ ਜਾਂਚ 'ਚ ਜੁਟੀ ਹੈ। ਸੰਬੰਧਿਤ ਮਾਮਲੇ 'ਚ ਅਜੇ ਕੁੱਝ ਹੋਰ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ।


Related News