ਪਰਿਵਾਰ ’ਚੋਂ ਕੁੜੱਤਣ ਕਿਵੇਂ ਹੋਵੇ ਦੂਰ
Saturday, Jul 27, 2024 - 06:37 PM (IST)
ਨਵੀਂ ਦਿੱਲੀ- ਇਸ ਸਾਲ ਮਈ ਵਿਚ ਲੋਕ ਸਭਾ ਚੋਣਾਂ ਦਰਮਿਆਨ ਸ਼ੁਰੂ ਹੋਈ ਭਾਜਪਾ ਅਤੇ ਸੰਘ ਵਿਚਾਲੇ ਕੁੜੱਤਣ ਅਜੇ ਬਾਕੀ ਹੈ। ‘ਸੰਘ ਪਰਿਵਾਰ’ ਵਿਚ ਇਸ ਤਰ੍ਹਾਂ ਦੇ ਮਤਭੇਦ ਕੋਈ ਨਵੀਂ ਗੱਲ ਨਹੀਂ ਹੈ। ਵਸੰਤ ਰਾਵ ਓਕ, ਬਲਰਾਜ ਮਧੋਕ, ਲਾਲਕ੍ਰਿਸ਼ਨ ਅਡਵਾਨੀ ਜਾਂ ਇਥੋਂ ਤੱਕ ਕਿ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਇਹ ਮਤਭੇਦ ਸਾਹਮਣੇ ਆਏ ਸਨ। ਪਰ ਹਿੰਦੀ ਫਿਲਮਾਂ ਵਾਂਗ ਇਨ੍ਹਾਂ ਦਾ ਅਖੀਰ ਹਮੇਸ਼ਾ ਦੀ ਸੁਖਾਲਾ ਹੁੰਦਾ ਸੀ ਅਤੇ ਆਰ. ਐੱਸ. ਐੱਸ. ਸੰਗਠਨ ਹਮੇਸ਼ਾ ਜੇਤੂ ਰਿਹਾ ਸੀ। ਪਰ, ਇਸ ਵਾਰ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ 18 ਮਈ, 2024 ਨੂੰ ਕੁਝ ਅਜਿਹਾ ਕਹਿ ਦਿੱਤਾ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਲੋਕ ਸਭਾ ਚੋਣਾਂ ਵਿਚਾਲੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਹੁਣ ਆਰ. ਐੱਸ. ਐੱਸ. ਦੇ ਸਮਰਥਨ ਦੀ ਲੋੜ ਨਹੀਂ ਹੈ, ਕਿਉਂਕਿ ਪਾਰਟੀ ਵੱਡੀ ਹੋ ਗਈ ਹੈ। ਉਹ ਇਥੇ ਹੀ ਨਹੀਂ ਰੁਕੇ ਅਤੇ ਅੱਗੇ ਕਿਹਾ ਕਿ ਹਰ ਕਿਸੇ ਦੀਆਂ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਅਤੇ ਭੂਮਿਕਾਵਾਂ ਹਨ। ਆਰ. ਐੱਸ. ਐੱਸ. ਇਕ ਸੰਸਕ੍ਰਿਤਕ ਅਤੇ ਸਮਾਜਿਕ ਸੰਗਠਨ ਹੈ, ਜਦਕਿ ਅਸੀਂ ਇਕ ਸਿਆਸੀ ਸੰਗਠਨ ਹਾਂ। ਨੱਡਾ ਦੇ ਇਸ ਬਿਆਨ ਨੇ ਪਰਿਵਾਰ ਨੂੰ ਝਿੰਝੋੜ ਕੇ ਰੱਖ ਦਿੱਤਾ।
ਹੈਰਾਨ ਕਰਨ ਵਾਲੇ ਨਤੀਜਿਆਂ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਲੀਡਰਸ਼ਿਪ ਸੁਧਾਰ ਕਰੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਆਖਿਰਕਾਰ, ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ 18 ਜੁਲਾਈ ਨੂੰ ਘੰਟੀ ਵਜਾਉਂਦੇ ਹੋਏ ਕਿਹਾ ਕਿ ਆਤਮ-ਵਿਕਾਸ ਦੌਰਾਨ ਇਕ ਵਿਅਕਤੀ ਪਹਿਲਾਂ ‘ਸੁਪਰਮੈਨ ਬਣਨਾ ਚਾਹੁੰਦਾ ਹੈ, ਫਿਰ ‘ਭਗਵਾਨ’ ਅਤੇ ਫਿਰ ‘ਵਿਸ਼ਵਰੂਪ’। ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਟੀਚਾ ਸਾਫ ਸੀ। ਹੁਣ ਨਜ਼ਰਾਂ 31 ਅਗਸਤ ਤੋਂ ਕੇਰਲ ਵਿਚ ਹੋਣ ਵਾਲੀ ਆਰ. ਐੱਸ. ਐੱਸ. ਦੀ ਤਿੰਨ ਦਿਨਾਂ ਸਾਲਾਨਾ ਤਾਲਮੇਲ ਕਮੇਟੀ ਦੀ ਮੀਟਿੰਗ ’ਤੇ ਟਿਕੀਆਂ ਹਨ, ਜਿਸ ਵਿਚ ਭਾਜਪਾ ਦੇ ਨਾਲ-ਨਾਲ ਹੋਰ 36 ਫਰੰਟਲ ਸੰਗਠਨਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾਏਗੀ। ਨੱਡਾ ਅਤੇ ਕੁਝ ਸੀਨੀਅਰ ਕੇਂਦਰੀ ਮੰਤਰੀ ਕੇਰਲ ਦੀ ਮੀਟਿੰਗ ਵਿਚ ਭਾਗ ਲੈ ਰਹੇ ਹਨ।