ਜੈਰਾਮ ਰਮੇਸ਼ ਨੇ ਕਿਵੇਂ ਤਬਦੀਲੀ ਲਿਆਂਦੀ

Sunday, Jun 30, 2024 - 05:33 PM (IST)

ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਤੇ 4 ਵਾਰ ਦੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਲੋਕ ਸਭਾ ਦੀਆਂ ਲੰਘੀਆਂ ਆਮ ਚੋਣਾਂ ’ਚ ਮੀਡੀਆ ਰਣਨੀਤੀ ਨੂੰ ਸਫਲਤਾਪੂਰਵਕ ਚਲਾਇਆ ਤੇ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਵਜੋਂ ਆਪਣੇ ਸੰਚਾਰ ਹੁਨਰ ਦਾ ਪ੍ਰਦਰਸ਼ਨ ਕੀਤਾ।

ਪਿਛਲੇ 45 ਸਾਲਾਂ ’ਚ ਉਨ੍ਹਾਂ ਜਿੱਥੇ ਵੀ ਕੰਮ ਕੀਤਾ, ਉੱਥੇ ਹੀ ਸਫ਼ਲ ਰਹੇ। ਭਾਰਤ ’ਚ ਉਨ੍ਹਾਂ ਦੀ ਪਹਿਲੀ ਨੌਕਰੀ 1979 ’ਚ ਉਦਯੋਗਿਕ ਲਾਗਤ ਅਤੇ ਕੀਮਤ ਬਿਊਰੋ ’ਚ ਅਰਥ ਸ਼ਾਸਤਰੀ ਲਵਰਾਜ ਕੁਮਾਰ ਦੇ ਸਹਾਇਕ ਵਜੋਂ ਸੀ। ਉਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

1975 ’ਚ ਆਈ. ਆਈ. ਟੀ. ਬੰਬੇ ਤੋਂ ਬੀ.ਟੈਕ. ਕਰਨ ਤੇ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਹੇਨਜ਼ ਕਾਲਜ ’ਚ ਪੜ੍ਹਾਈ ਕਰਨ ਪਿੱਛੋਂ ਉਨ੍ਹਾਂ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਡਾਕਟਰੇਟ ਪ੍ਰੋਗਰਾਮ ਵੀ ਸ਼ੁਰੂ ਕੀਤਾ। ਮਨਮੋਹਨ ਸਿੰਘ ਸਰਕਾਰ ’ਚ 2009 ਤੋਂ 2014 ਤੱਕ ਉਨ੍ਹਾਂ ਮੁੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ ਪਰ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਣ ਪਿੱਛੋਂ ਉਹ ਇੱਕ ਅਹਿਮ ਭੂਮਿਕਾ ਦੀ ਭਾਲ ’ਚ ਸਨ।

ਇਹ ਪਹਿਲੀ ਵਾਰ ਸੀ ਜਦੋਂ ਭਾਜਪਾ ਦੇ ਮੀਡੀਆ ਵਿਭਾਗ ਨੂੰ ਜੈਰਾਮ ਰਮੇਸ਼ ਦੇ ਰੂਪ ’ਚ ਆਪਣਾ ਵਿਰੋਧੀ ਮਿਲਿਆ ਕਿਉਂਕਿ ਉਹ ਵੀ 24 ਘੰਟੇ ਕੰਮ ਕਰ ਰਹੇ ਸਨ। ਵਿਰੋਧ ਦੇ ਬਾਵਜੂਦ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਜੈਰਾਮ ਰਮੇਸ਼ ਬੇਤੁਕੀਆਂ ਗੱਲਾਂ ਨਹੀਂ ਸੁਣਦੇ। ਸ਼ਾਇਦ ਉਹ ਉਨ੍ਹਾਂ ਨੇਤਾਵਾਂ ’ਚੋਂ ਇਕ ਹਨ ਜਿਨ੍ਹਾਂ ਦੀ ਰਾਹੁਲ ਗਾਂਧੀ ਸੁਣਦੇ ਹਨ।

ਇਹ ਜੈਰਾਮ ਰਮੇਸ਼ ਹੀ ਸਨ ਜਿਸ ਨੇ ਵਿਰੋਧੀ ਧਿਰ ਦਾ ਬਿਰਤਾਂਤ ਤੈਅ ਕੀਤਾ ਜਿਸ ਦਾ ਭਾਜਪਾ ਨੂੰ ਜਵਾਬ ਦੇਣ ਲਈ ਮਜਬੂਰ ਹੋਣਾ ਪਿਆ। ਪਹਿਲਾਂ ਭਾਜਪਾ ਏਜੰਡਾ ਤੈਅ ਕਰਦੀ ਸੀ ਅਤੇ ਕਾਂਗਰਸ ਪ੍ਰਤੀਕਿਰਿਆ ਦਿੰਦੀ ਸੀ ਪਰ ਇਸ ਵਾਰ ਕਾਂਗਰਸ ਨੇ ਏਜੰਡਾ ਤੈਅ ਕੀਤਾ ਅਤੇ ਭਾਜਪਾ ਨੇ ਜਵਾਬ ਦਿੱਤਾ। ਇਸ ਕੌੜੇ ਸੱਚ ਦੀ ਭਾਜਪਾ ਨੂੰ ਭਾਰੀ ਕੀਮਤ ਚੁਕਾਉਣੀ ਪਈ।


Rakesh

Content Editor

Related News