ਘਰ ''ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਨਾਲ ਬੱਚਿਆਂ ਸਣੇ 6 ਲੋਕਾਂ ਦੀ ਮੌਤ
Wednesday, Dec 18, 2024 - 09:58 AM (IST)
ਜੰਮੂ- ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਘਰ 'ਚ ਅੱਗ ਲੱਗਣ ਮਗਰੋਂ ਸਾਹ ਘੁੱਟਣ ਕਾਰਨ ਦੋ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਲ੍ਹੇ ਦੇ ਸ਼ਿਵਨਗਰ ਇਲਾਕੇ ਵਿਚ ਇਕ ਘਰ 'ਚ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਉਸ ਵਿਚ ਰਹਿਣ ਵਾਲੇ ਲੋਕ ਸੁੱਤੇ ਹੋਏ ਸਨ।
ਅੱਗ ਲੱਗਣ ਕਾਰਨ ਘਰ ਅੰਦਰ ਧੂੰਆਂ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ ਢਾਈ ਵਜੇ ਸਥਾਨਕ ਲੋਕਾਂ ਨੇ ਅੱਗ ਵੇਖੀ ਤਾਂ ਉਹ ਤੁਰੰਤ ਉੱਥੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਉਸ ਘਰ 'ਚ ਰਹਿਣ ਵਾਲੇ ਲੋਕ ਕਠੂਆ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਨਾਬਾਲਗਾਂ ਸਮੇਤ 6 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ 10 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਵਿਚੋਂ 6 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅਤੇ 4 ਹੋਰਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਹ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਸਰੀਰ 'ਤੇ ਸੜਨ ਦੇ ਨਿਸ਼ਾਨ ਨਹੀਂ ਹਨ।