ਆਫ਼ਤ ਬਣੀ ਗਰਮੀ; ਦੁਨੀਆ ਦੇ 16 ਸਭ ਤੋਂ ਗਰਮ ਸ਼ਹਿਰਾਂ ''ਚ 10 ਭਾਰਤ ਦੇ
Sunday, May 14, 2023 - 04:50 PM (IST)

ਨਵੀਂ ਦਿੱਲੀ- ਇਸ ਵਾਰ ਗਰਮੀ ਨੇ ਮਈ ਦੇ ਦੂਜੇ ਹਫਤੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਤਾਂ ਮਈ ਮਹੀਨੇ ਹੋਰ ਵੀ ਭਿਆਨਕ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮਈ ਮਹੀਨੇ ਵਿਚ ਤਾਪਮਾਨ 50 ਡਿਗਰੀ ਪਾਰ ਕਰ ਸਕਦਾ ਹੈ। ਲੂ ਅਤੇ ਭਿਆਨਕ ਗਰਮੀ ਤੋਂ ਲੋਕ ਘਰ 'ਚ ਚੈਨ ਨਾਲ ਰਹਿ ਰਹੇ ਹਨ ਅਤੇ ਬਾਹਰ ਤਾਂ ਹਾਲਾਤ ਗਰਮੀ ਨਾਲ ਬਹੁਤ ਖ਼ਰਾਬ ਹਨ। ਆਫ਼ਤ ਦੀ ਇਹ ਗਰਮੀ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਹੋਰ ਵੀ ਹਿੱਸਿਆਂ ਵਿਚ ਵੀ ਕਹਿਰ ਵਰ੍ਹਾ ਰਹੀ ਹੈ।
ਦੁਨੀਆ ਦੇ 16 ਸਭ ਤੋਂ ਗਰਮ ਸ਼ਹਿਰਾਂ 'ਚ ਭਾਰਤ ਦੇ 10 ਸ਼ਹਿਰ ਸ਼ਾਮਲ ਹਨ। 15 ਮਈ ਨੂੰ ਭਿਆਨਕ ਗਰਮੀ ਪੈਣ ਦੇ ਆਸਾਰ ਹਨ। ਦੇਸ਼ ਦੇ ਉੱਤਰੀ ਅਤੇ ਪੱਛਮੀ ਸੂਬਿਆਂ ਦੇ ਕਈ ਇਲਾਕੇ ਇਸ ਮਹੀਨੇ ਦਿਨ ਸਮੇਂ ਲੂ ਨਾਲ ਜੂਝਦੇ ਦਿਸੇ। ਕਈ ਸ਼ਹਿਰਾਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਭਿਆਨਕ ਗਰਮੀ ਵਿਚਾਲੇ ਬਿਜਲੀ ਕਟੌਤੀ ਨੇ ਲੋਕਾਂ ਲਈ ਲੂ ਨਾਲ ਜੂਝਣਾ ਮੁਸ਼ਕਲ ਕਰ ਦਿੱਤਾ ਹੈ।
ਇਸ ਦਰਮਿਆਨ ਦੁਨੀਆ ਦੇ ਸ਼ਹਿਰਾਂ ਦਾ ਤਾਪਮਾਨ ਦੱਸਣ ਵਾਲੇ Eldoradoweather.com ਨੇ ਦੁਨੀਆ ਦੇ 16 ਸਭ ਤੋਂ ਗਰਮ ਸ਼ਹਿਰਾਂ ਦਾ ਬਿਊਰਾ ਜਾਰੀ ਕੀਤਾ ਹੈ। ਇਸ ਸੂਚੀ ਮੁਤਾਬਕ ਪਿਛਲੇ 24 ਘੰਟਿਆਂ ਵਿਚ ਉੱਤਰ ਪ੍ਰਦੇਸ਼ ਦਾ ਬਾਂਦਾ ਜ਼ਿਲ੍ਹਾ ਦੁਨੀਆ ਦਾ ਦੂਜਾ ਸਭ ਤੋਂ ਗਰਮ ਥਾਂ ਹੈ। ਜਦਕਿ 49 ਡਿਗਰੀ ਸੈਲਸੀਅਸ ਨਾਲ ਪਾਕਿਸਤਾਨ ਦਾ ਜੈਕੋਬਾਬਾਦ ਇਲਾਕਾ ਪਹਿਲੇ ਨੰਬਰ 'ਤੇ ਰਿਹਾ। ਇਸ ਤੋਂ ਇਲਾਵਾ ਭਾਰਤ ਦੇ ਸ਼ਹਿਰਾਂ ਵਿਚ ਬਾਂਦਾ ਤੋਂ ਇਲਾਵਾ ਚੁਰੂ, ਕੋਟਾ, ਝਾਂਸੀ, ਅਕੋਲਾ, ਦੌਲਤਗੰਜ, ਜੈਸਲਮੇਰ, ਖਰਗੋਨ, ਬਾੜਮੇਰ ਅਤੇ ਬੀਕਾਨੇਰ ਹਨ। ਇਨ੍ਹਾਂ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।