ਡਾਕਟਰਾਂ ਨੇ ਕੀਤਾ ਮਿ੍ਰਤਕ ਐਲਾਨ, ਯਮਰਾਜ ਤੋਂ ਬੱਚਾ ਖੋਹ ਲਿਆਈ ਮਾਂ
Thursday, Jun 17, 2021 - 06:07 PM (IST)
ਬਹਾਦਰਗੜ੍ਹ— ਦਿੱਲੀ ਦੇ ਇਕ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹਸਪਤਾਲ ਦੇ ਸਟਾਫ਼ ਵਲੋਂ ਮਿ੍ਰਤਕ ਐਲਾਨ ਕੀਤੇ ਇਕ 6 ਸਾਲਾ ਬੱਚੇ ਦੀ ਘਰ ਪਹੁੰਚਣ ’ਤੇ ਧੜਕਨ ਚਾਲੂ ਮਿਲੀ। ਸਮੇਂ ’ਤੇ ਇਲਾਜ ਅਤੇ ਦੁਆਵਾਂ ਸਦਕਾ ਅੱਜ ਬੱਚਾ ਸਿਹਤਮੰਦ ਹੈ ਅਤੇ ਆਪਣੇ ਪਰਿਵਾਰ ’ਚ ਹੈ। ਹਸਪਤਾਲ ਸਟਾਫ਼ ਦੀ ਲਾਪਰਵਾਹੀ ’ਤੇ ਪਰਿਵਾਰ ਵਾਲਿਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਦਰਅਸਲ ਕਿਲ੍ਹਾ ਮੁਹੱਲਾ ਵਾਸੀ ਵਿਜੇ ਕੁਮਾਰ ਸ਼ਰਮਾ ਦੇ 6 ਸਾਲਾ ਪੋਤੇ ਕੁਣਾਲ ਸ਼ਰਮਾ ਨੂੰ ਟਾਈਫਾਈਡ ਹੋ ਗਿਆ ਸੀ। ਉਸ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। 26 ਮਈ ਨੂੰ ਦਿੱਲੀ ਦੇ ਡਾਕਟਰਾਂ ਨੇ ਟਾਈਫਾਈਡ ਤੋਂ ਮਿ੍ਰਤਕ ਐਲਾਨ ਕਰ ਕੇ ਲਾਸ਼ ਨੂੰ ਪਿਤਾ ਹਿਤੇਸ਼ ਨੂੰ ਸੌਂਪ ਦਿੱਤਾ। ਹਿਤੇਸ਼ ਨੇ ਘਰ ਫੋਨ ਕਰ ਕੇ ਕਿਹਾ ਕਿ ਕੁਣਾਲ ਹੁਣ ਨਹੀਂ ਰਿਹਾ। ਡਾਕਟਰਾਂ ਨੇ ਮਿ੍ਰਤਕ ਐਲਾਨ ਕਰ ਦਿੱਤਾ ਹੈ।
ਮਾਂ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦੀ ਰਹੀ—
ਮਾਪੇ ਆਪਣੇ ਪੁੱਤਰ ਦੀ ਲਾਸ਼ ਲੈ ਕੇ ਬਹਾਦਰਗੜ੍ਹ ਆਪਣੇ ਘਰ ਪਹੁੰਚੇ। ਮਾਂ ਆਪਣੇ ਬੱਚੇ ਨੂੰ ਰੋਂਦੇ ਹੋਏ ਵਾਰ-ਵਾਰ ਪਿਆਰ ਨਾਲ ਹਿਲਾ ਕੇ ਉਸ ਨੂੰ ਜ਼ਿੰਦਾ ਹੋਣ ਲਈ ਆਵਾਜ਼ਾਂ ਲਾ ਰਹੀ ਸੀ। ਕੁਝ ਦੇਰ ਬਾਅਦ ਲਾਸ਼ ’ਚ ਕੁਝ ਹਰਕਤ ਵੇਖੀ ਗਈ। ਇਸ ਤੋਂ ਬਾਅਦ ਪਿਤਾ ਹਿਤੇਸ਼ ਨੇ ਬੱਚੇ ਦਾ ਚਿਹਰਾ ਚਾਦਰ ਦੀ ਪੈਂਕਿੰਗ ’ਚੋਂ ਬਾਹਰ ਕੱਢਿਆ ਅਤੇ ਆਪਣੇ ਪੁੱਤਰ ਨੂੰ ਮੂੰਹ ਨਾਲ ਸਾਹ ਦੇਣ ਲੱਗੇ। ਕੁਝ ਦੇਰ ਆਪਣੇ ਪੁੱਤਰ ਨੂੰ ਸਾਹ ਦੇਣ ਤੋਂ ਬਾਅਦ ਉਸ ਦੇ ਸਰੀਰ ’ਚ ਹਰਕਤ ਵਿਖਾਈ ਦਿੱਤੀ।
ਮਾਪੇ ਰੋਹਤਕ ਦੇ ਪ੍ਰਾਈਵੇਟ ਹਸਪਤਾਲ ਲੈ ਗਏ—
26 ਮਈ ਦੀ ਰਾਤ ਨੂੰ ਹੀ ਕੁਣਾਲ ਦੇ ਮਾਪੇ ਉਸ ਨੂੰ ਰੋਹਤਕ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਬਚਣ ਦੀ ਸੰਭਾਵਨਾ ਦੱਸੀ ਅਤੇ ਉਹ ਹੌਲੀ-ਹੌਲੀ ਠੀਕ ਹੋ ਗਿਆ। ਕੁਣਾਲ ਠੀਕ ਹੋ ਕੇ ਮੰਗਲਵਾਰ ਨੂੰ ਆਪਣੇ ਘਰ ਪਹੁੰਚ ਚੁੱਕਾ ਹੈ। ਓਧਰ ਦਾਦਾ ਵਿਜੇ ਸ਼ਰਮਾ ਪੋਤੇ ਦੇ ਇਸ ਤਰ੍ਹਾਂ ਜ਼ਿੰਦਾ ਹੋਣ ਨੂੰ ਚਮਤਕਾਰ ਦੱਸ ਰਹੇ ਹਨ। ਮਾਂ ਇਹ ਕਹਿੰਦੀ ਨਹੀਂ ਥੱਕ ਰਹੀ ਕਿ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਨੂੰ ਫਿਰ ਤੋਂ ਸਾਹ ਬਖਸ਼ੇ ਹਨ।