ਹਸਪਤਾਲ ਨੇ ਕੋਰੋਨਾ ਮਰੀਜ਼ ਨੂੰ ਦਿੱਤਾ 28 ਲੱਖ ਰੁਪਏ ਦਾ ਬਿੱਲ, ਪੈਸੇ ਨਹੀਂ ਦੇਣ ''ਤੇ ਛੁੱਟੀ ਦੇਣ ਤੋਂ ਕੀਤਾ ਇਨਕਾਰ
Tuesday, Jul 14, 2020 - 12:29 PM (IST)
ਨੈਸ਼ਨਲ ਡੈਸਕ- ਕੋਰੋਨਾ ਕਾਲ 'ਚ ਕੁਝ ਪ੍ਰਾਈਵੇਟ ਹਸਪਤਾਲਾਂ ਨੇ ਇਸ ਮਹਾਮਾਰੀ ਨੂੰ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ। ਹਾਲਾਂਕਿ ਕੇਂਦਰ ਸਰਕਾਰ ਨੇ ਕੋਵਿਡ-19 ਦੇ ਟੈਸਟ ਤੋਂ ਲੈ ਕੇ ਇਲਾਜ ਤੱਕ ਲਈ ਕੀਮਤ ਤੈਅ ਕੀਤੀ ਹੈ ਪਰ ਕੁਝ ਪ੍ਰਾਈਵੇਟ ਹਸਪਤਾਲ ਅਜਿਹੇ ਹਨ ਜੋ ਮਨਮਾਨੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਸਾਹਮਣੇ ਆਇਆ ਹੈ। ਮੇਦਾਂਤਾ ਹਸਪਤਾਲ ਦੇ ਇਕ ਕੋਰੋਨਾ ਮਰੀਜ਼ ਦੇ ਇਲਾਜ ਦਾ ਬਿੱਲ 28 ਲੱਖ ਬਣਾ ਦਿੱਤਾ। ਇੰਨਾ ਹੀ ਨਹੀਂ ਬਿੱਲ ਨਹੀਂ ਦੇਣ 'ਤੇ ਹਸਪਤਾਲ ਨੇ ਮਰੀਜ਼ ਨੂੰ ਛੁੱਟੀ ਦੇਣ ਤੋਂ ਮਨ੍ਹਾ ਕਰ ਦਿੱਤਾ। ਮੇਦਾਂਤਾ ਹਸਪਤਾਲ 'ਤੇ ਦੋਸ਼ ਹਨ ਕਿ ਉਸ ਨੇ ਮਰੀਜ਼ ਦੇ 40 ਦਿਨ ਦੇ ਇਲਾਜ ਦਾ ਬਿੱਲ 28 ਲੱਖ ਰੁਪਏ ਬਣਾ ਦਿੱਤਾ। ਜਦੋਂ ਉਸ ਨੇ ਇੰਨੇ ਪੈਸੇ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਹਸਪਤਾਲ ਨੇ ਉਸ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਮਲੇ 'ਚ ਸ਼ਿਕਾਇਤ ਮਿਲਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਹਾਲੇ ਇਸ ਪੂਰੇ ਮਾਮਲੇ 'ਤੇ ਹਸਪਤਾਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ। ਮਰੀਜ਼ ਤੋਂ ਜ਼ਿਆਦਾ ਬਿੱਲ ਵਸੂਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹੈਦਰਾਬਾਦ 'ਚ ਇਕ ਹਸਪਤਾਲ ਨੇ ਇਕ ਮਹਿਲਾ ਡਾਕਟਰ ਦਾ ਬਿੱਲ ਕਰੀਬ ਡੇਢ ਲੱਖ ਰੁਪਏ ਬਣਾਇਆ ਸੀ। ਹਸਪਤਾਲ ਨੇ ਉਨ੍ਹਾਂ ਦਾ ਬਿੱਲ ਭਰੇ ਬਿਨਾਂ ਛੁੱਟੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਕਾਫ਼ੀ ਲੰਬੀ ਅਤੇ ਤਿੱਖੀ ਬਹਿਸ ਤੋਂ ਬਾਅਦ ਹਸਪਤਾਲ ਨੇ ਉਨ੍ਹਾਂ ਨੂੰ 1.20 ਲੱਖ ਰੁਪਏ ਜਮ੍ਹਾ ਕਰਨ ਤੋਂ ਬਾਅਦ ਹੀ ਜਾਣ ਦਿੱਤਾ ਸੀ।