ਭਿਆਨਕ ਸੜਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ''ਚ 5 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖਮੀ
Tuesday, Apr 21, 2026 - 10:25 PM (IST)
ਬੜਵਾਨੀ, (ਮੱਧ ਪ੍ਰਦੇਸ਼)- ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਵਿੱਚ ਸਥਿਤ ਜੁਲਵਾਨੀਆ ਸ਼ਹਿਰ ਦੇ ਕੋਲ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 2 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜੁਲਵਾਨੀਆ ਪੁਲਸ ਥਾਣੇ ਦੇ ਇੰਚਾਰਜ ਰਾਮਕੁਮਾਰ ਪਾਟਿਲ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ ਲੋਕ ਜਲਗਾਓਂ ਤੋਂ ਰੂਈ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਰਸਤੇ ਵਿੱਚ ਕਾਰ ਦਾ ਤੇਲ ਖ਼ਤਮ ਹੋ ਰਿਹਾ ਸੀ, ਜਿਸ ਕਾਰਨ ਉਹ ਤੇਲ ਪੁਆਉਣ ਲਈ ਜੁਲਵਾਨੀਆ ਚਲੇ ਗਏ। ਤੇਲ ਪੁਆਉਣ ਤੋਂ ਬਾਅਦ ਜਦੋਂ ਉਹ ਵਾਪਸ ਪਰਤ ਰਹੇ ਸਨ, ਤਾਂ ਟੋਲ ਟੈਕਸ ਨਾਕੇ ਦੇ ਨੇੜੇ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 2 ਹੋਰ ਜ਼ਖਮੀਆਂ ਨੂੰ ਬੜਵਾਨੀ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸਚਿਨ ਵਾਸਕਲੇ (25), ਪ੍ਰਦਿਊਮ ਸਾਹਤੇ (25), ਪੱਪੂ ਹੀਰਾ ਲਾਲ (29), ਆਕਾਸ਼ ਦਯਾਰਾਮ (25) ਅਤੇ ਯਸ਼ਵੰਤ ਸੁਦਾਪੀਆ (30) ਵਜੋਂ ਹੋਈ ਹੈ।
ਪੁਲਸ ਅਧਿਕਾਰੀਆਂ ਅਨੁਸਾਰ ਦੋ ਹੋਰ ਜ਼ਖਮੀਆਂ ਦਾ ਬੜਵਾਨੀ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
