ਕੁਲਗਾਮ ''ਚ ਅੱਤਵਾਦੀ ਹਮਲੇ ''ਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
Saturday, Aug 01, 2026 - 09:07 AM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਇਕ ਇੱਟਾਂ ਦੇ ਭੱਠੇ 'ਤੇ ਹੋਏ ਅੱਤਵਾਦੀ ਹਮਲੇ 'ਚ ਛੱਤੀਸਗੜ੍ਹ ਦੇ ਦੋ ਮਜ਼ਦੂਰ ਮਾਰੇ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਹਮਲਾਵਰਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਦੱਖਣੀ ਕਸ਼ਮੀਰ ਦੇ ਕੇਲਮ ਖੇਤਰ 'ਚ ਇਕ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ। ਹਮਲੇ 'ਚ ਦੋਵੇਂ ਮਜ਼ਦੂਰ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਇੱਕ, ਦੀਪਕ ਰਾਤਰੇ, ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮਰ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਜ਼ਖਮੀ ਮਜ਼ਦੂਰ, ਬੋਪਿੰਦਰ ਨੂੰ ਪਹਿਲਾਂ ਜੀ.ਐੱਮ.ਸੀ. ਅਨੰਤਨਾਗ ਲਿਜਾਇਆ ਗਿਆ, ਜਿੱਥੋਂ ਬਾਅਦ 'ਚ ਉਸਨੂੰ ਸੌਰਾ ਦੇ ਐੱਸ.ਕੇ.ਆਈ.ਐੱਮ.ਐੱਸ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋਵੇਂ ਮਜ਼ਦੂਰ 20 ਤੋਂ 30 ਸਾਲ ਦੇ ਵਿਚਕਾਰ ਸਨ ਅਤੇ ਛੱਤੀਸਗੜ੍ਹ ਦੇ ਵਸਨੀਕ ਸਨ। ਇਸ ਹਮਲੇ ਤੋਂ ਲਗਭਗ 10 ਦਿਨ ਪਹਿਲਾਂ, ਅੱਤਵਾਦੀਆਂ ਨੇ ਅਨੰਤਨਾਗ ਸ਼ਹਿਰ 'ਚ ਇਕ ਪੁਲਸ ਅਧਿਕਾਰੀ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਇਸ ਤੋਂ ਪਹਿਲਾਂ 2024 'ਚ, ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ 'ਚ ਵੀ ਅੱਤਵਾਦੀਆਂ ਨੇ ਦੋ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਸੀ। 7 ਫਰਵਰੀ, 2024 ਨੂੰ, ਸ਼੍ਰੀਨਗਰ ਦੇ ਸ਼ਹੀਦ ਗੰਜ ਇਲਾਕੇ 'ਚ ਇਕ ਅੱਤਵਾਦੀ ਨੇ ਪੰਜਾਬ ਦੇ ਦੋ ਮਜ਼ਦੂਰਾਂ, ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
