ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, 1 ਸਾਲ ਤੱਕ...
Friday, Dec 12, 2025 - 07:55 PM (IST)
ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਸੁਰੱਖਿਆ ਹੁਕਮ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਤਹਿਤ ਅਗਲੇ ਇੱਕ ਸਾਲ ਤੱਕ ਕਿਸੇ ਵੀ ਸੂਬੇ ਦੀ ਪੁਲਸ ਜਾਂ ਏਜੰਸੀ ਫਿਲਹਾਲ ਅਨਮੋਲ ਬਿਸ਼ਨੋਈ ਨੂੰ ਜੇਲ੍ਹ ਤੋਂ ਬਾਹਰ ਆਪਣੀ ਹਿਰਾਸਤ ਵਿੱਚ ਨਹੀਂ ਲੈ ਸਕੇਗੀ।
ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 303 ਦੇ ਤਹਿਤ ਜਾਰੀ ਕੀਤਾ ਗਿਆ ਹੈ. ਧਾਰਾ 303 ਤਹਿਤ ਗ੍ਰਹਿ ਮੰਤਰਾਲੇ ਕੋਲ ਇਹ ਅਧਿਕਾਰ ਹੈ ਕਿ ਉਹ ਜਨਤਕ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ ਕਿਸੇ ਵੀ ਕੈਦੀ ਨੂੰ ਉਸਦੀ ਮੌਜੂਦਾ ਜੇਲ੍ਹ ਤੋਂ ਬਾਹਰ ਨਾ ਕੱਢਣ ਦਾ ਨਿਰਦੇਸ਼ ਦੇ ਸਕਦਾ ਹੈ.
ਜੇਕਰ ਕਿਸੇ ਪੁਲਸ ਜਾਂ ਜਾਂਚ ਏਜੰਸੀ ਨੂੰ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕਰਨੀ ਹੋਵੇ ਤਾਂ ਉਹ ਸਿਰਫ਼ ਤਿਹਾੜ ਜੇਲ੍ਹ ਦੇ ਅੰਦਰ ਹੀ ਜਾ ਕੇ ਅਜਿਹਾ ਕਰ ਸਕਦੀ ਹੈ। ਇਹ ਕਦਮ ਸੁਰੱਖਿਆ ਕਾਰਨਾਂ ਤੇ ਬਾਹਰੀ ਖਤਰਿਆਂ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਨਮੋਲ ਬਿਸ਼ਨੋਈ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਲਿਆਂਦਾ ਗਿਆ ਸੀ, ਜਿੱਥੇ ਰਾਸ਼ਟਰੀ ਜਾਂਚ ਏਜੰਸੀ (NIA) ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਸ ਉੱਤੇ ਗੰਭੀਰ ਦੋਸ਼ ਹਨ, ਜਿਨ੍ਹਾਂ ਵਿੱਚ ਐਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਸਬੰਧ ਅਤੇ ਫਿਲਮ ਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਸਾਜ਼ਿਸ਼ ਸ਼ਾਮਲ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਅਮਰੀਕਾ ਤੋਂ ਹੀ ਗੈਂਗ ਦੇ ਆਪ੍ਰੇਸ਼ਨਾਂ ਨੂੰ ਨਿਰਦੇਸ਼ ਦਿੰਦਾ ਸੀ। ਦੱਸ ਦਈਏ ਕਿ ਇਸੇ ਤਰ੍ਹਾਂ ਦਾ ਆਦੇਸ਼ ਅਨਮੋਲ ਦੇ ਵੱਡੇ ਭਰਾ ਗੈਂਗਸਟਰ ਲਾਰੈਂਸ ਬਿਸ਼ਨੋਈ 'ਤੇ ਵੀ ਪਹਿਲਾਂ ਤੋਂ ਲਾਗੂ ਹੈ, ਜੋ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।
