ਪਾਕਿਸਤਾਨ ''ਚ ਹਿੰਦੂਆਂ ਨੂੰ ਵਾਪਸ ਕੀਤਾ ਗਿਆ ''ਪ੍ਰਾਚੀਨ ਮੰਦਰ''

02/08/2020 12:52:10 AM

ਬਲੋਚਿਸਤਾਨ - ਪਾਕਿਸਤਾਨ ਵਿਚ ਬਲੋਚਿਸਤਾਨ ਦੇ ਜ਼ੋਬ ਜ਼ਿਲੇ ਵਿਚ ਕਾਫੀ ਸਮੇਂ ਤੋਂ ਬੰਦ ਇਕ ਮੰਦਰ ਨੂੰ ਵਾਪਸ ਹਿੰਦੂ ਭਾਈਚਾਰੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ੋਬ ਦੇ ਜ਼ਿਲਾ ਪ੍ਰਸ਼ਾਸਨ ਮੁਤਾਬਕ ਮੰਦਰ ਨੂੰ ਹਿੰਦੂ ਭਾਈਚਾਰੇ ਦੇ ਹਵਾਲੇ ਕਰਨ ਦੇ ਬਦਲੇ ਵਿਚ ਇਥੇ ਮੌਜੂਦ ਪਹਿਲੇ ਪ੍ਰਾਇਮਰੀ ਸਕੂਲ ਨੂੰ ਜਲਦ ਦੂਜੀ ਥਾਂ ਤਬਦੀਲ ਕੀਤਾ ਜਾਵੇਗਾ। ਜ਼ੋਬ ਸ਼ਹਿਰ ਦੇ ਹਿੰਦੂ ਮੁਹੱਲੇ ਵਿਚ ਸਥਿਤ ਇਸ ਮੰਦਰ ਨੂੰ ਹਿੰਦੂਆਂ ਦੇ ਹਵਾਲੇ ਕਰਨ ਲਈ ਇਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਬਕਾਇਦਾ ਮੰਦਰ ਦੀ ਚਾਬੀ ਹਿੰਦੂ ਭਾਈਚਾਰੇ ਦੇ ਹਵਾਲੇ ਕੀਤੀ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਜ਼ੋਬ ਦੇ ਜਾਮਾ ਮਸਜਿਦ ਦੇ ਮੌਲਾਨਾ ਅੱਲਾਹ ਦਾਦ ਕਾਕਟਰ ਸਨ। ਮੁਸਲਿਮ ਧਰਮ ਗੁਰੂਆਂ, ਕਬਾਇਲੀ ਪ੍ਰਮੁੱਖਾਂ, ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਵਾਸਤਾ ਰੱਖਣ ਵਾਲੇ ਕਈ ਲੋਕਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।

ਮੰਦਰ ਦਾ ਇਤਿਹਾਸ
ਜ਼ੋਬ ਵਿਚ ਹਿੰਦੂ ਭਾਈਚਾਰੇ ਦੇ ਚੇਅਰਮੈਨ ਸਲੀਮ ਜ਼ਾਨ ਨੇ ਦੱਸਿਆ ਕਿ ਇਹ ਮੰਦਰ ਉਂਝ ਤਾਂ ਬਹੁਤ ਪੁਰਾਣਾ ਹੈ ਪਰ ਸਾਲ 1929 ਵਿਚ ਇਸ ਨੂੰ ਦੁਬਾਰਾ ਬਣਵਾਇਆ ਗਿਆ ਕਿਉਂਕਿ ਇਸ 'ਤੇ ਇਹੀ ਸਾਲ ਦਰਜ ਹੈ। ਉਨ੍ਹਾਂ ਦਾ ਆਖਣਾ ਸੀ ਕਿ ਪਾਕਿਸਤਾਨ ਦੇ ਬਣਨ ਤੋਂ ਬਾਅਦ ਜ਼ਿਆਦਾਤਰ ਹਿੰਦੂ ਇਥੋਂ ਚਲੇ ਗਏ ਸਨ, ਜਿਸ ਤੋਂ ਬਾਅਦ ਇਹ ਮੰਦਰ ਬੰਦ ਸੀ ਪਰ 30 ਸਾਲ ਪਹਿਲਾਂ ਇਸ ਵਿਚ ਪ੍ਰਾਇਮਰੀ ਸਕੂਲ ਬਣਾਇਆ ਗਿਆ। ਹਿੰਦੂ ਭਾਈਚਾਰੇ ਦੇ ਚੇਅਰਮੈਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਲੋਚਿਸਤਾਨ ਹਾਈ ਕੋਰਟ ਵਿਚ ਇਸ 'ਤੇ ਵਿਚਾਰ ਕਰਨ ਦਾ ਮਾਮਲਾ ਆਇਆ ਸੀ, ਜਿਸ ਤੋਂ ਬਾਅਦ ਹਾਈ ਕੋਰਟ ਦੇ ਪ੍ਰਮੁੱਖ ਜਸਟਿਸ ਜ਼ਮਾਲ ਖਾਨ ਮੰਦੋਖੀਲ ਦੀ ਅਗਵਾਈ ਵਿਚ ਇਕ ਬੈਂਚ ਨੇ ਇਸ ਮੰਦਰ ਨੂੰ ਹਿੰਦੂ ਭਾਈਚਾਰੇ ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ ਸੀ।

ਹਿੰਦੂਆਂ ਦੀ ਪ੍ਰਤੀਕਿਰਿਆ
ਜ਼ੋਬ ਪ੍ਰਸ਼ਾਸਨ ਦੇ ਕਰਮਚਾਰੀਆਂ ਅਤੇ ਧਾਰਮਿਕ ਵਿਦਵਾਨਾਂ ਨੇ ਮੰਦਰ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਧਾਰਮਿਕ ਸਦਭਾਵਨਾ ਦੀ ਮਿਸਾਲ ਕਰਾਰ ਦਿੱਤਾ ਹੈ। ਹਿੰਦੂ ਭਾਈਚਾਰੇ ਦੇ ਸਥਾਨਕ ਚੇਅਰਮੈਨ ਦਾ ਆਖਣਾ ਹੈ ਕਿ 70 ਸਾਲ ਬਾਅਦ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਮਿਲ ਗਿਆ। ਇਸ ਤੋਂ ਵਧ ਕੇ ਖੁਸ਼ੀ ਦੀ ਕੋਈ ਗੱਲ ਹੋ ਨਹੀਂ ਸਕਦੀ। ਉਨ੍ਹਾਂ ਨੇ ਇਸ 'ਤੇ ਚੀਫ ਜਸਟਿਸ ਅਤੇ ਜ਼ਿਲਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਆਖਿਆ ਕਿ ਚੀਫ ਜਸਟਿਸ ਨੇ ਇਹ ਵੀ ਆਖਿਆ ਹੈ ਕਿ ਉਹ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਲਈ ਜ਼ਮੀਨ ਦਿਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਰਿਹਾਇਸ਼ੀ ਕਾਲੋਨੀ ਲਈ ਵੀ ਜ਼ਮੀਨ ਦਿਵਾਉਣਗੇ। ਉਨ੍ਹਾਂ ਦਾ ਆਖਣਾ ਸੀ ਕਿ ਜ਼ੋਬ ਦੇ ਇਲਾਕੇ ਗਰੀਬਾਬਾਦ ਵਿਚ ਭਾਈਚਾਰੇ ਦਾ ਇਕ ਹੋਰ ਮੰਦਰ ਵੀ ਹੈ ਜਿਹਡ਼ਾ ਕਿ ਖਸਤਾ ਹਾਲ ਹੈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਇਸ ਮੰਦਰ ਦੀ ਮੁਰੰਮਤ ਦੀ ਅਪੀਲ ਕੀਤੀ ਹੈ।


Khushdeep Jassi

Content Editor

Related News