ਹਿੰਦੂ ਸਮਾਜ ਨੂੰ ਆਪਣੀ ਸੁਰੱਖਿਆ ਲਈ ਇਕਜੁੱਟ ਹੋਣਾ ਪਏਗਾ : ਮੋਹਨ ਭਾਗਵਤ
Sunday, Oct 06, 2024 - 11:08 PM (IST)
ਕੋਟਾ, (ਭਾਸ਼ਾ)- ਭਾਰਤ ਨੂੰ ਹਿੰਦੂ ਰਾਸ਼ਟਰ ਦੱਸਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੂ ਸਮਾਜ ਨੂੰ ਭਾਸ਼ਾਈ, ਜਾਤੀ ਅਤੇ ਖੇਤਰੀ ਵਿਵਾਦਾਂ ਨੂੰ ਖ਼ਤਮ ਕਰ ਕੇ ਆਪਣੀ ਸੁਰੱਖਿਆ ਲਈ ਇਕਜੁੱਟ ਹੋਣਾ ਪਵੇਗਾ।
ਬਾਰਾ ’ਚ ‘ਸਵੈਮਸੇਵੀ ਏਕੱਤਰੀਕਰਨ’ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਭਾਵੇਂ ਹਿੰਦੂ ਸ਼ਬਦ ਬਾਅਦ ’ਚ ਆਇਆ ਪਰ ਅਸੀਂ ਇੱਥੇ ਪੁਰਾਣੇ ਸਮੇਂ ਤੋਂ ਰਹਿ ਰਹੇ ਹਾਂ। ਹਿੰਦੂ ਸਭ ਨੂੰ ਗਲੇ ਲਾ ਲੈਂਦੇ ਹਨ। ਉਹ ਲਗਾਤਾਰ ਸੰਚਾਰ ਰਾਹੀਂ ਇਕਸੁਰਤਾ ’ਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ 'ਆਰ. ਐੱਸ. ਐੱਸ. ਦਾ ਕੰਮ ਮਕੈਨੀਕਲ ਨਹੀਂ ਸਗੋਂ ਵਿਚਾਰਾਂ ’ਤੇ ਆਧਾਰਿਤ ਹੈ। ਇਹ ਇਕ ਵਿਲੱਖਣ ਸੰਸਥਾ ਹੈ ਜਿਸ ਦੀਆਂ ਕਦਰਾਂ-ਕੀਮਤਾਂ ਸਮੂਹ ਲੀਡਰਾਂ ਤੋਂ ਲੈ ਕੇ ਵਾਲੰਟੀਅਰਾਂ, ਉਨ੍ਹਾਂ ਦੇ ਪਰਿਵਾਰਾਂ ਤੇ ਵੱਡੇ ਪੱਧਰ ’ਤੇ ਸਮਾਜ ਤੱਕ ਹਰ ਕਿਸੇ ਨਾਲ ਗੂੰਜਦੀਆਂ ਹਨ।
ਵਾਲੰਟੀਅਰਾਂ ਨੂੰ ਭਾਈਚਾਰਿਆਂ ਅੰਦਰ ਵਿਆਪਕ ਸੰਪਰਕ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਸਮਾਜ ਨੂੰ ਮਜ਼ਬੂਤ ਬਣਾ ਕੇ ਭਾਈਚਾਰਕ ਕਮੀਆਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਸਾਮਾਜਿਕ ਸਦਭਾਵਨਾ, ਨਿਆਂ, ਸਿਹਤ, ਸਿੱਖਿਆ ਤੇ ਸਵੈ ਨਿਰਭਰਤਾ ’ਤੇ ਫੋਕਸ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਨੂੰ ਹਮੇਸ਼ਾ ਸਰਗਰਮ ਰਹਿਣਾ ਚਾਹੀਦਾ ਹੈ । ਪਰਿਵਾਰਾਂ ਅੰਦਰ ਇਕਸੁਰਤਾ, ਵਾਤਾਵਰਨ ਜਾਗਰੂਕਤਾ, ਸਵਦੇਸ਼ੀ ਕਦਰਾਂ-ਕੀਮਤਾਂ ਤੇ ਨਾਗਰਿਕ ਚੇਤਨਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜੋ ਸਮਾਜ ਦੇ ਬੁਨਿਆਦੀ ਅੰਗ ਹਨ।
ਉਨ੍ਹਾਂ ਕਿਹਾ ਕਿ ਭਾਰਤ ਦੀ ਵਿਸ਼ਵ ਪੱਧਰੀ ਭਰੋਸੇਯੋਗਤਾ ਤੇ ਵੱਕਾਰ ਦਾ ਸਿਹਰਾ ਇਸ ਦੀ ਮਜ਼ਬੂਤੀ ਨੂੰ ਜਾਂਦਾ ਹੈ। ਇਸ ਦੇ ਪ੍ਰਵਾਸੀਆਂ ਦੀ ਸੁਰੱਖਿਆ ਉਦੋਂ ਹੀ ਯਕੀਨੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਦੇਸ਼ ਮਜ਼ਬੂਤ ਹੁੰਦਾ ਹੈ। ਆਰ. ਐੱਸ. ਐੱਸ. ਦੇ ਕੁੱਲ 3,827 ਵਾਲੰਟੀਅਰਾਂ ਨੇ ਇਸ ਪ੍ਰੋਗਰਾਮ ’ਚ ਹਿੱਸਾ ਲਿਆ।
ਇਨ੍ਹਾਂ ’ਚ ਰਮੇਸ਼ ਅਗਰਵਾਲ, ਜਗਦੀਸ਼ ਸਿੰਘ ਰਾਣਾ, ਰਮੇਸ਼ ਚੰਦ ਮਹਿਤਾ ਤੇ ਵੈਦਿਆ ਰਾਧੇਸ਼ਿਆਮ ਗਰਗ ਆਦਿ ਸ਼ਾਮਲ ਸਨ।