ਉੱਲੂ ਧੋਖਾਧੜੀ ਮਾਮਲੇ ’ਚ ਦੋਸ਼ੀ ਹਿਨਾ ਜਾਬਿਰ ਬੇਗ ਦੀ ਜ਼ਮਾਨਤ ਪਟੀਸ਼ਨ ਖਾਰਜ
Friday, Aug 27, 2021 - 01:13 PM (IST)
ਲਖਨਊ- ਉੱਲੂ ਡਿਜੀਟਲ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਅਤੇ ਕਾਰਜਕਾਰੀ ਡਾਇਰੈਕਟਰ ਨੂੰ ਬਲੈਕਮੇਲ ਕਰਨ ਵਾਲੀ ਹਿਨਾ ਜਾਬਿਰ ਬੇਗ ਦੀ ਜ਼ਮਾਨਤ ਪਟੀਸ਼ਨ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐੱਮ.) ਕੋਰਟ ਨੇ ਖਾਰਜ ਕਰ ਦਿੱਤਾ ਹੈ। ਹਿਨਾ 14 ਦਿਨਾਂ ਦੀ ਨਿਆਇਕ ਰਿਮਾਂਡ ’ਤੇ ਲਖਨਊ ਦੀ ਜ਼ਿਲ੍ਹਾ ਜੇਲ੍ਹ ’ਚ ਬੰਦ ਹੈ। ਹਿਨਾ ਨੂੰ ਪਿਛਲੇ ਹਫ਼ਤੇ ਲਖਨਊ ਲਿਆਂਦਾ ਗਿਆ ਅਤੇ ਕੋਰਟ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ। ਖ਼ਬਰਾਂ ਅਨੁਸਾਰ, ਹਿਨਾ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਧੋਖਾਧੜੀ ਦਾ ਨੈੱਟਵਰਕ ਚਲਾਉਂਦੀ ਸੀ। ਇੱਥੇ ਤੱਕ ਕਿ ਉਹ ਉੱਲੂ ਡਿਜੀਟਲ ਪ੍ਰਾਈਵੇਟ ਲਿਮਟਿਡ ’ਚ ਕਾਨੂੰਨੀ ਮੁਖੀ ਵੀ ਸੀ। ਉਸ ਨੇ ਕੰਪਨੀ ਤੋਂ 15 ਲੱਖ ਰੁਪਏ ਲਏ ਸਨ ਅਤੇ ਉਸ ਵਿਰੁੱਧ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ਨੂੰ ਲਖਨਊ ਸਾਈਬਰ ਸੈੱਲ ਨੇ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹਿਨਾ ਦੇ ਹੋਰ ਸਾਥੀ ਹਾਲੇ ਫ਼ਰਾਰ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ
ਪੁਲਸ ਸੂਤਰਾਂ ਨੇ ਦੱਸਿਆ ਕਿ ਹਿਨਾ ਦਾ ਪਾਰਟਨਰ ਆਮਿਰ ਅਲੀ ਹੈ, ਜੋ ਅਮਰੀਕਾ ’ਚ ਰਹਿੰਦਾ ਹੈ ਅਤੇ ਟੈਕਸਾਸ ’ਚ ਉਸ ਦੇ ਖਾਤੇ ’ਚ ਪੈਸੇ ਟਰਾਂਸਫਰ ਕਰੇਗਾ। ਬਾਅਦ ’ਚ ਇਹ ਪੈਸਾ ਰੁੜਕੀ ਵਾਸੀ ਏਮਾਨ ਰਹਿਮਾਨ ਦੇ ਖਾਤਿਆਂ ’ਚ ਵਾਪਸ ਭੇਜ ਦਿੱਤਾ ਗਿਆ ਅਤੇ ਫਿਰ ਇਸ ਪੈਸੇ ਨੂੰ ਗਿਰੋਹ ਦੇ ਮੈਂਬਰਾਂ ’ਚ ਵੰਡ ਦਿੱਤਾ ਗਿਆ, ਜਿਨ੍ਹਾਂ ’ਚੋਂ ਇਕ ਦੀ ਪਛਾਣ ਮੁੰਬਈ ਵਾਸੀ ਅਜਹਰ ਜਮਾਦਾਰ ਦੇ ਰੂਪ ’ਚ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਅਜਹਰ ਪੁਲਸ ਅਧਿਕਾਰੀ ਬਣ ਕੇ ਲੋਕਾਂ ਨੂੰ ਧਮਕਾਉਂਦਾ ਸੀ। ਸਾਈਬਰ ਸੈੱਲ ਹੁਣ ਇਸ ਪੂਰੇ ਗੈਂਗ ਦਾ ਬੈਕਗਰਾਊਂਡ ਚੈੱਕ ਕਰਨ ’ਚ ਲੱਗੀ ਹੈ ਕਿ ਕਿਤੇ ਇਹ ਕਿਸੇ ਹੋਰ ਅਪਰਾਧ ’ਚ ਸ਼ਾਮਲ ਤਾਂ ਨਹੀਂ ਹੈ। ਸਾਈਬਰ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਿਨਾ ਨੇ ਕੰਪਨੀ ਦੇ ਸੀ.ਈ.ਓ. ਅਤੇ ਕਾਰਜਕਾਰੀ ਡਾਇਰੈਕਟਰ ਨੂੰ ਈ-ਮੇਲ ਭੇਜ ਕੇ ਉਨ੍ਹਾਂ ਨੂੰ ਮੁਕੱਦਮਿਆਂ ’ਚ ਫਸਾਉਣ ਦੀ ਧਮਕੀ ਦਿੱਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਓ.ਟੀ.ਟੀ. ਪਲੇਟਫਾਰਮ ’ਤੇ ਜਾਰੀ ਵੈੱਬ ਸੀਰੀਜ ’ਚ ਇਤਰਾਜ਼ਯੋਗ ਸਮੱਗਰੀ ਹੈ। ਕੰਪਨੀ ਦੇ ਕਾਰਜਕਾਰੀ ਡਾਇਰੈਕਟਰ ਸ਼ੋਭਿਤ ਸਿੰਘ ਨੇ 10 ਜੂਨ 2021 ਨੂੰ ਰਾਜਧਾਨੀ ਦੇ ਸਾਈਬਰ ਕ੍ਰਾਈਮ ਥਾਣੇ ’ਚ ਰਿਪੋਰਟ ਦਰਜ ਕਰਵਾਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਆਈ.ਡੀ. ਤੋਂ ਈ-ਮੇਲ ਭੇਜੇ ਗਏ ਸਨ, ਉਸ ਦੀ ਵਰਤੋਂ ਹਿਨਾ ਜਾਬਿਰ ਬੇਗ ਕਰ ਰਹੀ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ