ਹਿਮੰਤ ਬਿਸਵਾ ਸਰਮਾ ਹੋਣਗੇ ਆਸਾਮ ਦੇ ਨਵੇਂ ਮੁੱਖ ਮੰਤਰੀ

Sunday, May 09, 2021 - 03:55 PM (IST)

ਹਿਮੰਤ ਬਿਸਵਾ ਸਰਮਾ ਹੋਣਗੇ ਆਸਾਮ ਦੇ ਨਵੇਂ ਮੁੱਖ ਮੰਤਰੀ

ਗੁਹਾਟੀ- ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ (ਐੱਨ.ਈ.ਡੀ.ਏ.) ਦੇ ਕਨਵੀਨਰ ਹਿਮੰਤ ਬਿਸਵਾ ਸਰਮਾ ਐਤਵਾਰ ਨੂੰ ਸਾਰਿਆਂ ਦੀ ਸਹਿਮਤੀ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਹਨ ਅਤੇ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਲਈ ਜਲਦ ਹੀ ਸੱਦਾ ਦਿੱਤਾ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਮਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਭਾਜਪਾ ਦੇ ਪ੍ਰਦੇਸ਼ ਪਾਰਟੀ ਪ੍ਰਧਾਨ ਰੰਜੀਤ ਕੁਮਾਰ ਦਾਸ ਅਤੇ ਹਾਫਲਾਂਗ ਤੋਂ ਨਵੇਂ ਚੁਣੇ  ਵਿਧਾਇਕ ਨੰਦਿਤਾ ਗਾਲੋਰਸਾ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ, ਕਿਉਂਕਿ ਹੋਰ ਕਿਸੇ ਦੇ ਨਾਮ ਦਾ ਪ੍ਰਸਤਾਵ ਨਹੀਂ ਰੱਖਿਆ ਗਿਆ ਤਾਂ ਸਰਮਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਸਾਰਿਆਂ ਦੀ ਸਹਿਮਤੀ ਨਾਲ ਚੁਣ ਲਿਆ ਗਿਆ ਹੈ।''

ਤੋਮਰ ਨੇ ਕਿਹਾ ਕਿ ਭਾਜਪਾ, ਆਸਾਮ ਗਣ ਪ੍ਰੀਸ਼ਦ (ਏ.ਜੀ.ਪੀ.) ਅਤੇ ਯੂਨਾਈਟੇਡ ਪੀਪਲਜ਼ ਪਾਰਟੀ ਲਿਬਰਲ (ਯੂ.ਪੀ.ਪੀ.ਐੱਲ.) ਦੇ ਆਪਣੇ ਗਠਜੋੜ ਸਹਿਯੋਗੀਆਂ ਨਾਲ ਜਲਦ ਹੀ ਬੈਠਕ ਕਰੇਗੀ। ਏ.ਜੀ.ਪੀ. ਵਿਧਾਇਕ ਦਲ ਨੇ ਵੀ ਐਤਵਾਰ ਨੂੰ ਬੈਠਕ ਕੀਤੀ। ਪਾਰਟੀ ਨੇ ਐਲਾਨ ਕੀਤਾ ਕਿ ਉਹ ਭਾਜਪਾ ਵਿਧਾਇਕ ਦਲ ਵਲੋਂ ਨਵੇਂ ਚੁਣੇ ਨੇਤਾ ਦਾ ਸਮਰਥਨ ਕਰੇਗੀ। ਇਸ ਤੋਂ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰਾਜਪਾਲ ਜਗਦੀਸ਼ ਮੁਖੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ। ਪਰੰਪਰਾ ਅਨੁਸਾਰ ਰਾਜਪਾਲ ਨੇ ਅਗਲੀ ਸਰਕਾਰ ਦੇ ਗਠਨ ਤੱਕ ਸੋਨੋਵਾਲ ਤੋਂ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ। ਦੱਸਣਯੋਗ ਹੈ ਕਿ ਆਸਾਮ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ਦਰਮਿਆਨ ਸੂਬੇ 'ਚ ਭਾਜਪਾ ਦੇ ਸੀਨੀਅਰ ਨੇਤਾਵਾਂ ਸੋਨੋਵਾਲ ਅਤੇ ਹਿਮੰਤ ਬਿਸਵਾ ਸਰਮਾ ਨੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ 'ਚ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਸੀ। ਭਾਜਪਾ ਨੇ 126 ਮੈਂਬਰੀ ਆਸਾਮ ਵਿਧਾਨ ਸਭਾ 'ਚ 60 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਉਸ ਦੀ ਗਠਜੋੜ ਸਹਿਯੋਗੀ ਆਸਾਮ ਗਣ ਪ੍ਰੀਸ਼ਦ ਨਾਲ 9 ਹੋਰ ਯੂਨਾਈਟੇਡ ਪੀਪਲਜ਼ ਪਾਰਟੀ ਲਿਬਰਲ ਨੇ 6 ਸੀਟਾਂ ਜਿੱਤੀਆਂ।


author

DIsha

Content Editor

Related News