ਹਿਮਾਚਲ ''ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ੀ ਦੁਬਈ ''ਚ ਗ੍ਰਿਫਤਾਰ
Friday, Dec 27, 2019 - 01:58 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਘਪਲੇ ਨੂੰ ਅੰਜ਼ਾਮ ਦੇਣ ਵਾਲਾ ਦੋਸ਼ੀ ਹੁਣ ਸੀ.ਆਈ.ਡੀ ਦੀ ਹਿਰਾਸਤ 'ਚ ਹੈ। ਉਸ ਨੂੰ ਦੁਬਈ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦਰਅਸਲ ਹਿਮਾਚਲ ਦੇ ਸਿਰਮੌਰ 'ਚ ਬੰਦ ਹੋਈ ਇੰਡੀਅਨ ਟੈਕਨੋਮੇਕ ਕੰਪਨੀ ਦੇ ਮਾਲਕ ਰਾਕੇਸ਼ ਸ਼ਰਮਾ ਨੂੰ ਦੁਬਈ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ 6,000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ।
ਦੱਸਣਯੋਗ ਹੈ ਕਿ ਮਹਾਸੇਲਜ਼ ਟੈਕਸ ਘਪਲੇ ਦੇ ਮੁੱਖ ਦੋਸ਼ੀ ਇੰਡੀਅਨ ਟੈਕਨੋਮੇਕ ਕੰਪਨੀ ਦੇ ਮਾਲਕ ਰਾਕੇਸ਼ ਸ਼ਰਮਾ ਨੇ 2008 'ਚ ਪਾਉਂਟਾ ਸਾਹਿਬ 'ਚ ਆਪਣੀ ਫੈਕਟਰੀ ਲਗਾਈ ਸੀ ਅਤੇ ਹਿਮਾਚਲ ਸਰਕਾਰ ਨੂੰ 2100 ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋ ਗਿਆ ਸੀ। ਇਨਕਮ ਟੈਕਸ ਵਿਭਾਗ, ਬੈਕਾਂ ਅਤੇ ਹੋਰ ਵਿਭਾਗਾਂ ਨੂੰ ਮਿਲਾ ਕੇ ਦੇਖੀਏ ਤਾਂ ਰਾਕੇਸ਼ ਸ਼ਰਮਾ ਲਗਭਗ 6,000 ਕਰੋੜ ਰੁਪਏ ਦਾ ਘਪਲਾ ਕਰਕੇ ਫਰਾਰ ਹੋ ਗਿਆ ਸੀ। ਹਿਮਾਚਲ ਪੁਲਸ ਨੇ ਇੰਟਰਪੋਲ ਰਾਹੀਂ ਦੁਬਈ ਪੁਲਸ ਨੂੰ ਘਪਲੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਸੀ। ਇਸ ਜਾਣਕਾਰੀ ਦੇ ਆਧਾਰ 'ਤੇ ਦੁਬਈ ਪੁਲਸ ਨੇ ਰਾਕੇਸ਼ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਡਾਇਰੈਕਟਰ ਜਨਰਲ ਸੀਤਾਰਾਮ ਮਰੜੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਹੁਣ ਵਿਦੇਸ਼ ਮੰਤਰਾਲੇ ਨੂੰ ਘਪਲੇ ਨਾਲ ਸੰਬੰਧਿਤ ਦਸਤਾਵੇਜ ਸੌਪੇ ਜਾਣਗੇ ਤਾਂ ਕਿ ਜਲਦੀ ਹਵਾਲਗੀ ਪ੍ਰਕਿਰਿਆ ਸ਼ੁਰੂ ਹੋ ਸਕੇ।
ਜ਼ਿਕਰਯੋਗ ਹੈ ਕਿ ਇੰਡੀਅਨ ਟੈਕਨੋਮੇਕ ਕੰਪਨੀ ਦੇ ਖਿਲਾਫ ਸਾਲ 2016 'ਚ ਦਰਜ ਮਾਮਲੇ ਦੀ ਜਾਂਚ ਦੌਰਾਨ ਸੀ.ਆਈ.ਡੀ ਨੂੰ ਕਰੋੜਾ ਰੁਪਏ ਦੇ ਘਪਲੇ ਦੇ ਮੁੱਖ ਦੋਸ਼ੀ ਰਾਕੇਸ਼ ਸ਼ਰਮਾ ਦੇ ਦੇਸ਼ ਤੋਂ ਬਾਹਰ ਭੱਜਣ ਦੀ ਜਾਣਕਾਰੀ ਮਿਲੀ ਸੀ। ਇਸ ਮਾਮਲੇ 'ਚ ਡੇਢ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾ ਚੁੱਕਾ ਹੈ। ਸ਼ਰਮਾ ਦੀ ਗ੍ਰਿਫਤਾਰੀ ਦੇ ਲਈ ਜਾਂਚ ਅਧਿਕਾਰੀਆਂ ਨੇ 19 ਅਗਸਤ ਨੂੰ ਨਾਹਨ ਕੋਰਟ ਤੋਂ ਮੁੱਖ ਦੋਸ਼ੀ ਰਾਕੇਸ਼ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਹਾਸਿਲ ਕੀਤਾ ਅਤੇ ਇੰਟਰਪੋਲ ਨਾਲ ਸੰਪਰਕ ਕੀਤਾ। ਇੰਟਰਪੋਲ ਨੇ 17 ਅਕਤੂਬਰ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇਸ ਦੌਰਾਨ ਸੀ.ਆਈ.ਡੀ. ਦੀ ਜਾਂਚ 'ਚ ਉਸ ਨੂੰ ਜੈਨ ਤੋਂ ਜਾਣਕਾਰੀ ਮਿਲੀ ਤੇ ਉਸ ਨੇ ਇੰਟਰਪੋਲ ਨੂੰ ਸਟੀਕ ਪਤਾ ਦੇ ਦਿੱਤਾ, ਜਿਸ 'ਤੇ ਦੁਬਈ ਪੁਲਸ ਨੇ ਇਹ ਕਾਰਵਾਈ ਕੀਤੀ ਹੈ।