ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ
Wednesday, Mar 06, 2019 - 04:46 PM (IST)

ਸੋਲਨ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਨਾਲਾਗੜ-ਰੋਪੜ ਮਾਰਗ 'ਤੇ ਜਗਤਖਾਨਾ ਪੁਲ ਦੇ ਨੇੜੇ ਬੀਤੀ ਅੱਧੀ ਰਾਤ ਇੱਕ ਤੇਲ ਟੈਂਕਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਟੈਂਕਰ ਨੂੰ ਅੱਗ ਲੱਗ ਗਈ। ਹਾਦਸੇ 'ਚ ਡਰਾਈਵਰ ਸਮੇਤ ਦੋ ਲੋਕ ਜੀਉਂਦੇ ਸੜਨ ਕਾਰਨ ਮੌਕੇ 'ਤੇ ਉਨ੍ਹਾਂ ਦੀ ਮੌਤ ਹੋ ਗਈ। ਨਾਲਾਗੜ ਦੇ ਪੁਲਸ ਅਧਿਕਾਰੀ ਚਮਨ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਤੇਲ ਟੈਂਕਰ ਬਠਿੰਡਾ ਤੋਂ ਨਾਲਾਗੜ ਜਾ ਰਿਹਾ ਸੀ ਅਤੇ ਰਾਤ ਲਗਭਗ 12.30 ਵਜੇ ਜਗਤਖਾਨਾ ਪੁਲ ਅਤੇ ਸੈਨੀ ਮਾਜਰਾ ਪਿੰਡ ਦੇ ਨੇੜੇ ਪਹੁੰਚਦੇ ਹੀ ਟੈਂਕਰ ਦਾ ਅਗਲਾ ਟਾਇਰ ਫੱਟਣ ਨਾਲ ਅਨਕੰਟਰੋਲ ਹੋ ਕੇ ਖੰਭੇ 'ਚ ਵੱਜਾ ਅਤੇ ਪਲਟ ਗਿਆ। ਟੈਂਕਰ ਪਲਟਦਿਆਂ ਹੀ ਇਸਨੂੰ ਅੱਗ ਲੱਗ ਗਈ। ਹਾਦਸੇ ਦੀ ਤੇਜ਼ ਆਵਾਜ਼ ਸੁਣਦਿਆਂ ਹੀ ਨੇੜੇ ਦੇ ਲੋਕ ਇੱਕਠੇ ਹੋ ਗਏ ਅਤੇ ਪੁਲਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚ ਗਈਆਂ।