ਅਰੁਣਾਚਲ ਪ੍ਰਦੇਸ਼ ਦੇ ਬਰਫ਼ੀਲੇ ਤੂਫ਼ਾਨ ’ਚ ਲਾਪਤਾ ਹੋਇਆ ਹਿਮਾਚਲ ਦਾ ਫ਼ੌਜੀ ਜਵਾਨ, ਭਾਲ ਜਾਰੀ
Tuesday, Feb 08, 2022 - 02:26 PM (IST)
ਬਿਲਾਸਪੁਰ- ਅਰੁਣਾਚਲ ਪ੍ਰਦੇਸ਼ ’ਚ ਬੀਤੇ ਦਿਨੀਂ ਆਏ ਬਰਫ਼ੀਲੇ ਤੂਫ਼ਾਨ ’ਚ ਭਾਰਤੀ ਫ਼ੌਜ ਦੀ ਇਕ ਗਸ਼ਤ ਟੀਮ ਲਾਪਤਾ ਹੈ। ਗਸ਼ਤ ਟੀਮ ’ਚ ਕੁੱਲ 7 ਫ਼ੌਜੀ ਜਵਾਨ ਸ਼ਾਮਲ ਹਨ, ਜਿਨ੍ਹਾਂ ’ਚੋਂ ਇਕ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਨੌਜਵਾਨ ਅੰਕੇਸ਼ ਭਾਰਦਵਾਜ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ 6 ਫਰਵਰੀ ਨੂੰ ਇਹ ਯੂਨਿਟ ਗਸ਼ਤ ’ਤੇ ਸੀ, ਇਸ ਦੌਰਾਨ ਬਰਫ਼ੀਲਾ ਤੂਫਾਨ ਆ ਗਿਆ ਅਤੇ ਇਹ ਸਾਰੇ ਉਦੋਂ ਤੋਂ ਲਾਪਤਾ ਹੋ ਗਏ ਹਨ। ਜਵਾਨਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਜਾਣਕਾਰੀ ਮੁਤਾਬਕ ਇਹ ਜਵਾਨ ਜੈਕ-19 ਰਾਈਫਲ ਦੇ ਸਨ। ਇਨ੍ਹਾਂ 7 ਜਵਾਨਾਂ ਦਾ ਪਿਛਲੇ 24 ਘੰਟਿਆਂ ਤੋਂ ਜ਼ਿਆਦਾ ਸਮਾਂ ਬੀਤ ਜਾਣ ਮਗਰੋਂ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਬਰਫ਼ੀਲਾ ਤੂਫ਼ਾਨ, ਲਾਪਤਾ ਹੋਏ 7 ਜਵਾਨਾਂ ਦਾ ਨਹੀਂ ਲੱਗਾ ਸੁਰਾਗ
ਪਿਤਾ ਨੂੰ ਫੋਨ ਜ਼ਰੀਏ ਮਿਲੀ ਲਾਪਤਾ ਹੋਣ ਦੀ ਸੂਚਨਾ-
ਲਾਪਤਾ ਜਵਾਨਾਂ ’ਚ ਜ਼ਿਲ੍ਹਾ ਬਿਲਾਸਪੁਰ ਦੇ ਘੁਮਾਰਵੀਂ ਸੇਊ ਪਿੰਡ ਦੇ 22 ਸਾਲਾ ਅੰਕੇਸ਼ ਭਾਰਦਵਾਜ ਵੀ ਸ਼ਾਮਲ ਹੈ। ਅੰਕੇਸ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਜ਼ਰੀਏ ਸੂਚਨਾ ਮਿਲੀ ਸੀ ਕਿ ਉਨ੍ਹਾਂ ਦਾ ਬੇਟਾ ਬਰਫ਼ੀਲੇ ਤੂਫਾਨ ਦੀ ਲਪੇਟ ’ਚ ਆ ਗਿਆ ਹੈ। ਫ਼ੌਜੀ ਅਧਿਕਾਰੀਆਂ ਵਲੋਂ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਗਈ ਕਿ ਅੰਕੇਸ਼ ਭਾਰਦਵਾਜ ਵੀ ਇਸ ਗਸ਼ਤ ਟੀਮ ਦਾ ਹਿੱਸਾ ਸੀ ਅਤੇ ਲਾਪਤਾ ਹੋ ਗਿਆ ਹੈ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ 'ਚ ਡਿੱਗੇ ਬਰਫ਼ ਦੇ ਤੋਦੇ, ਲਪੇਟ 'ਚ ਆਏ ਫ਼ੌਜ ਦੇ 7 ਜਵਾਨ
3 ਸਾਲ ਪਹਿਲਾਂ ਫ਼ੌਜ ’ਚ ਭਰਤੀ ਹੋਏ ਸਨ ਅੰਕੇਸ਼-
ਜਾਣਕਾਰੀ ਮੁਤਾਬਕ ਅੰਕੇਸ਼ ਭਾਰਦਵਾਜ ਦਾ ਜਨਮ 6 ਨਵੰਬਰ 2000 ’ਚ ਹੋਇਆ ਹੈ। 22 ਸਾਲ ਦਾ ਅੰਕੇਸ਼ 2019 ਵਿਚ ਫ਼ੌਜ ’ਚ ਭਰਤੀ ਹੋਇਆ ਹੈ। ਅੰਕੇਸ਼ ਦੇ ਪਿਤਾ ਵੀ ਫ਼ੌਜ ’ਚ ਰਹਿ ਚੁੱਕੇ ਹਨ। ਅੰਕੇਸ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਮਗਰੋਂ ਪਰਿਵਾਰਕ ਮੈਂਬਰ ਪਰੇਸ਼ਾਨ ਹਨ ਅਤੇ ਸਾਰੇ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਪਰਮਾਤਮਾ ਤੋਂ ਉਨ੍ਹਾਂ ਦੇ ਸਹੀ ਸਲਾਮਤ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।