ਹਿਮਾਚਲ ਦੀ ਇਸ ਧੀ ਨੇ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ, ਅਮਰੀਕੀ ਕੰਪਨੀ 'ਚ ਮਿਲਿਆ ਸਾਢੇ 42 ਲੱਖ ਦਾ ਪੈਕੇਜ
Friday, Aug 21, 2020 - 04:03 AM (IST)

ਸ਼ਿਮਲਾ - ਹਿਮਾਚਲ ਦੀ ਧੀ ਨੂੰ ਅਮਰੀਕਾ ਦੀ ਕੰਪਨੀ 'ਚ ਸਾਢੇ 42 ਲੱਖ ਤਨਖਾਹ ਦਾ ਸਾਲਾਨਾ ਪੈਕੇਜ ਮਿਲਿਆ ਹੈ। ਜ਼ਿਲ੍ਹਾ ਕੁੱਲੂ ਦੇ ਜਿਆ ਦੀ ਰਹਿਣ ਵਾਲੀ 22 ਸਾਲਾ ਸੰਧਿਆ ਢੀਂਗਰਾ ਦੀ ਇਸ ਉਪਲੱਬਧੀ ਨਾਲ ਪਰਿਵਾਰ ਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਸੰਧਿਆ ਨੂੰ ਅਮਰੀਕਾ ਦੀ ਅਡੋਬ ਕੰਪਨੀ ਨੇ ਨੌਕਰੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਸੰਧਿਆ ਨੂੰ ਤਕਨੀਕੀ ਮੈਂਬਰ ਸਟਾਫ 'ਤੇ ਨੌਕਰੀ ਦਿੱਤੀ ਹੈ। ਸੰਧਿਆ ਢੀਂਗਰਾ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ.ਆਈ.ਟੀ.) ਹਮੀਰਪੁਰ ਤੋਂ ਕੰਪਿਊਟਰ ਸਾਇੰਸ 'ਚ ਬੀਟੈਕ ਕੀਤੀ ਹੈ। ਪਿਤਾ ਸਤੀਸ਼ ਢੀਂਗਰਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ 17 ਅਗਸਤ ਨੂੰ ਆਨਲਾਈਨ ਕੰਮ ਸੰਭਾਲਿਆ ਹੈ ਅਤੇ ਨੋਇਡਾ 'ਚ ਅਮਰੀਕੀ ਕੰਪਨੀ 'ਚ ਸੇਵਾ ਨਿਭਾਏਗੀ।
ਫਿਲਹਾਲ ਜਨਵਰੀ 2021 ਤੱਕ ਉਹ ਆਪਣੇ ਘਰ ਜਿਆ ਤੋਂ ਹੀ ਕੰਮ ਕਰੇਗੀ। ਪਿਤਾ ਸਤੀਸ਼ ਢੀਂਗਰਾ ਅਤੇ ਮਾਤਾ ਵੰਦਨਾ ਢੀਂਗਰਾ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੰਧਿਆ ਨੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਸੁੰਦਰਨਗਰ ਦੇ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ 'ਚ ਕੀਤੀ ਹੈ।
ਜਦੋਂ ਕਿ ਅੱਗੇ ਦੀ ਪੜ੍ਹਾਈ ਹਮੀਰਪੁਰ ਤੋਂ ਪੂਰੀ ਕੀਤੀ। ਉਥੇ ਹੀ, ਸੰਧਿਆ ਢੀਂਗਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਗਰੀ ਦੌਰਾਨ ਫਰਵਰੀ ਮਹੀਨੇ 'ਚ ਐੱਨ.ਆਈ.ਟੀ. ਹਮੀਰਪੁਰ 'ਚ ਕੈਂਪਸ ਇੰਟਰਵਿਊ ਦਿੱਤਾ ਸੀ। ਪਿਛਲੇ ਮਹੀਨੇ ਜੁਲਾਈ 'ਚ ਉਨ੍ਹਾਂ ਨੂੰ ਕੰਪਨੀ ਤੋਂ ਨਿਯੁਕਤੀ ਪੱਤਰ ਮਿਲਿਆ ਹੈ। ਸੰਧਿਆ ਦੀ ਇਸ ਉਪਲੱਬਧੀ ਨਾਲ ਪੂਰੇ ਜਿਆ ਪਿੰਡ ਦੇ ਜ਼ਿਲ੍ਹੇ ਕੁੱਲੂ 'ਚ ਖੁਸ਼ੀ ਦੀ ਲਹਿਰ ਹੈ ਅਤੇ ਨੌਜਵਾਨਾਂ ਲਈ ਪ੍ਰੇਰਣਾ ਬਣ ਗਈ ਹੈ।