ਹਿਮਾਚਲ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਹਸਪਤਾਲ ''ਚ ਦਾਖ਼ਲ, ਛਾਤੀ ''ਚ ਦਰਦ ਦੀ ਸ਼ਿਕਾਇਤ
Monday, Feb 27, 2023 - 11:37 AM (IST)
ਨੋਇਡਾ/ਹਿਮਾਚਲ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਬੁਲਾਰੇ ਵੀ.ਬੀ. ਜੋਸ਼ੀ ਨੇ ਦੱਸਿਆ ਕਿ ਸ਼ੁਕਲਾ (70) ਨੂੰ ਐਤਵਾਰ ਰਾਤ ਨੂੰ ਕੈਲਾਸ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਹ ਸ਼ਨੀਵਾਰ ਤੋਂ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਸ਼ਟਰਪਤੀ ਜਗਦੀਪ ਧਨਖੜ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ।
ਜੋਸ਼ੀ ਨੇ ਕਿਹਾ,''ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਰਾਤ ਕੈਲਾਸ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਹ ਫਿਲਹਾਲ ਹਸਪਤਾਲ 'ਚ ਹਨ ਅਤੇ ਉਨ੍ਹਾਂ ਦੀ ਜਾਂਚ ਤੇ ਇਲਾਜ ਹੋ ਰਿਹਾ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।'' ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ੁਕਲਾ ਨੂੰ 18 ਫਰਵਰੀ ਨੂੰ ਹਿਮਚਾਲ ਪ੍ਰਦੇਸ਼ ਦੇ 29ਵੇਂ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਰੁਦਰਪੁਰ ਵਾਸੀ ਸ਼ੁਕਲਾ 4 ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਤੋਂ ਵਿਦਿਆਰਥੀ ਨੇਤਾ ਵਜੋਂ ਆਪਣੀ ਰਾਜਨੀਤਕ ਯਾਤਰਾ ਸ਼ੁਰੂ ਕੀਤੀ ਸੀ।