ਹਿਮਾਚਲ ਪ੍ਰਦੇਸ਼: ਕੁੱਲੂ ’ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ, 2 ਲੋਕਾਂ ਦੀ ਮੌਤ
Thursday, Aug 11, 2022 - 12:07 PM (IST)
ਕੁੱਲੂ– ਹਿਮਾਚਲ ਪ੍ਰਦੇਸ਼ ’ਚ ਇਨ੍ਹੀਂ-ਦਿਨੀਂ ਮੀਂਹ ਅਤੇ ਕੁਦਰਤੀ ਆਫ਼ਤਾਂ ਨੇ ਲੋਕਾਂ ਦੀਆਂ ਪੇਰਸ਼ਾਨੀਆਂ ਨੂੰ ਵਧਾ ਦਿੱਤਾ ਹੈ। ਹਿਮਾਚਲ ਦੇ ਕੁੱਲੂ ਜ਼ਿਲ੍ਹੇ ’ਚ ਵੀਰਵਾਰ ਯਾਨੀ ਕਿ ਅੱਜ ਮਗਰੋਂ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਕਈ ਦੁਕਾਨਾਂ ਅਤੇ 7 ਵਾਹਨ ਵਹਿ ਗਏ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇੱਥੇ ਹੀ ਇਕ ਮਕਾਨ ਡਿੱਗ ਗਿਆ ਅਤੇ ਉਸ ਦੇ ਮਲਬੇ ਹੇਠਾਂ ਦੱਬ ਕੇ 2 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਵਿਭਾਗ ਨੇ ਕਿਹਾ ਕਿ ਸਵੇਰੇ ਕਰੀਬ ਸਾਢੇ 7 ਵਜੇ ਆਨੀ ਤਹਿਸੀਲ ’ਚ ਦੇਵਤੀ ਗ੍ਰਾਮ ਪੰਚਾਇਤ ’ਚ ਇਸ ਕੁਦਰਤੀ ਆਫ਼ਤ ਦਾ ਕਹਿਰ ਵਰ੍ਹਿਆ ਹੈ। ਵਿਭਾਗ ਨੇ ਕਿਹਾ ਕਿ ਦੇਵਤੀ ’ਚ ਖੜ੍ਹੀ ਇਕ ਪੁਰਾਣੀ ਬੱਸ ਅਤੇ ਪੰਚਾਇਤ ਇਮਾਰਤ ਦੇ ਵੀ ਵਹਿ ਜਾਣ ਦਾ ਖ਼ਤਰਾ ਹੈ। ਹਾਲਾਤ ਦਾ ਜਾਇਜ਼ਾ ਲੈਣ ਲਈ ਮਾਲੀਆ ਵਿਭਾਗ ਦੇ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚੇ। ਓਧਰ ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਮੱਧ ਰਾਤ ਤੋਂ ਮੋਹਲੇਧਾਰ ਮੀਂਹ ਅਤੇ ਹੜ੍ਹ ਵਰਗੇ ਹਾਲਾਤ ਨੂੰ ਵੇਖਦੇ ਹੋਏ ਆਨੀ ਤਹਿਸੀਲ ਦੇ ਸਾਰੇ ਸਿੱਖਿਅਕ ਸੰਸਥਾਵਾਂ ਨੂੰ ਅਗਲੇ ਹੁਕਮ ਤੱਕ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਇਸ ਦਰਮਿਆਨ ਵਿਭਾਗ ਨੇ ਕਿਹਾ ਕਿ ਮੰਡੀ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਜ਼ਮੀਨ ਖਿਸਕਣ ਮਗਰੋਂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ। ਮੰਡੀ ਜ਼ਿਲ੍ਹਾ ਐਮਰਜੈਂਸੀ ਮੁਹਿੰਮ ਕੇਂਦਰ ਨੇ ਕਿਹਾ ਕਿ ਪੰਡੋਹ, ਮੰਡੀ ਨੇੜੇ 7 ਮੀਲ ਦੀ ਦੂਰੀ ’ਤੇ ਜ਼ਮੀਨ ਖਿਸਕ ਗਈ। ਜਿਸ ਕਾਰਨ ਨੈਸ਼ਨਲ ਹਾਈਵੇਅ-21 ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਆਨੀ ਦਰੱਰਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਗੂਗਰਾ ਅਤੇ ਦੇਵਠੀ ਪਿੰਡਾਂ ’ਚ ਕਈ ਘਰਾਂ ’ਚ ਪਾਣੀ ਵੜ੍ਹ ਗਿਆ।