ਹਿਮਾਚਲ ਜ਼ਿਮਨੀ ਚੋਣ ਨਤੀਜੇ: ਮੰਡੀ ਸੀਟ ਤੋਂ ਪ੍ਰਤਿਭਾ ਜਿੱਤੀ, 3 ਵਿਧਾਨਸਭਾ ਸੀਟਾਂ ’ਤੇ ਵੀ ਕਾਂਗਰਸ ਦਾ ਕਬਜ਼ਾ
Tuesday, Nov 02, 2021 - 04:09 PM (IST)
ਮੰਡੀ— ਹਿਮਾਚਲ ਪ੍ਰਦੇਸ਼ ’ਚ ਮੰਡੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤ ਲਈ ਹੈ। ਇਸ ਸੀਟ ’ਤੇ ਕਾਂਗਰਸ ਪਾਰਟੀ ਦੀ ਉਮੀਦਜਵਾਰ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਅਤੇ ਕਾਰਗਿਲ ਜੰਗ ਦੇ ਹੀਰੋ ਰਿਟਾਇਰਡ ਬਿ੍ਰਗੇਡੀਅਰ ਖੁਸ਼ਾਲ ਸਿੰਘ ਨੂੰ 8,766 ਵੋਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਉਹ 2013 ਦੀਆਂ ਜ਼ਿਮਨੀ ਚੋਣਾਂ ’ਚ ਜਿੱਤ ਦਰਜ ਕਰ ਚੁੱਕੀ ਹੈ।
ਪ੍ਰਤਿਭਾ ਨੇ ਜਿੱਤ ਦੀ ਹੈਟ੍ਰਿਕ ਲਾਈ ਹੈ। ਉਨ੍ਹਾਂ ਨੇ 3,65,650 ਵੋਟਾਂ ਹਾਸਲ ਕੀਤੀਆਂ, ਜਦਕਿ ਭਾਜਪਾ ਉਮੀਦਵਾਰ ਖੁਸ਼ਾਲ ਸਿੰਘ ਠਾਕੁਰ ਨੂੰ 3,56,884 ਵੋਟਾਂ ਮਿਲੀਆਂ ਹਨ। ਜ਼ਿਮਨੀ ਚੋਣਾਂ ਵਿਚ 12,626 ਲੋਕਾਂ ਨੇ ਨੋਟਾ ਦਾ ਬਟਨਾ ਦਬਾਇਆ। ਇਸ ਚੋਣਾਂ ’ਚ ਕੁੱਲ 7,42,771 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ਚੋਣਾਂ ’ਚ ਸਦੀਆਂ ਪੁਰਾਣੀ ਪਰੰਪਰਾ ਵੀ ਟੁੱਟੀ ਹੈ ਕਿਉਂਕਿ ਮੰਡੀ ਦਾ ਸੰਸਦ ਮੈਂਬਰ ਕਦੇ ਵਿਰੋਧੀ ਧਿਰ ’ਚ ਨਹੀਂ ਬੈਠਾ। ਇੱਥੇ ਉਸੇ ਪਾਰਟੀ ਦਾ ਉਮੀਦਵਾਰ ਜਿੱਤਦਾ ਸੀ, ਜਿਸ ਦੀ ਸੂਬੇ ਵਿਚ ਸਰਕਾਰ ਹੁੰਦੀ ਸੀ।
3 ਵਿਧਾਨ ਸਭਾ ਸੀਟਾਂ ’ਤੇ ਵੀ ਕਾਂਗਰਸ ਦਾ ਕਬਜ਼ਾ
ਇਸ ਤੋਂ ਇਲਾਵਾ 3 ਵਿਧਾਨ ਸਭਾ ਸੀਟਾਂ ’ਤੇ ਵੀ ਕਾਂਗਰਸ ਨੇ ਆਪਣਾ ਕਬਜ਼ਾ ਕਰ ਲਿਆ ਹੈ। ਚਾਰੋਂ ਸੀਟਾਂ ’ਤੇ ਜਿੱਤ ਹਾਸਲ ਕਰ ਕੇ ਕਾਂਗਰਸ ਨੇ ਭਾਜਪਾ ਝਟਕਾ ਦਿੱਤਾ ਹੈ। ਜੁੱਬਲ-ਕੋਟਖਾਈ ਤੋਂ ਕਾਂਗਰਸ ਦੇ ਰੋਹਿਤ ਠਾਕੁਰ ਨੇ ਭਾਜਪਾ ਦੇ ਉਮੀਦਵਾਰ ਚੇਤਨ ਬਰਾਗਟਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ। ਕਾਂਗਰਸ ਨੇ ਫਤਿਹਪੁਰ ਸੀਟ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ। ਇਸ ਸੀਟ ਤੋਂ ਕਾਂਗਰਸ ਦੇ ਭਵਾਨੀ ਸਿੰਘ ਨੇ ਭਾਜਪਾ ਦੇ ਬਲਦੇਵ ਠਾਕੁਰ ਨੂੰ ਹਰਾਇਆ। ਅਕਰੀ ਸੀਟ ’ਤੇ ਵੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇੱਥੋਂ ਕਾਂਗਰਸ ਦੇ ਸੰਜੇ ਅਵਸਥੀ ਨੇ ਜਿੱਤ ਦਰਜ ਕੀਤੀ ਹੈ। ਸੂਬੇ ਦੇ ਸਭ ਤੋਂ ਹੌਟ ਸੀਟ ਮੰਡੀ ਤੋਂ ਇਲਾਵਾ ਜੁੱਬਲ-ਕੋਟਖਾਈ, ਫਤਿਹਪੁਰ ਅਤੇ ਅਕਰੀ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਨੇ ਭਾਜਪਾ ਉਮੀਦਵਾਰਾਂ ਨੂੰ ਸਖ਼ਤ ਟੱਕਰ ਤੋਂ ਜਿੱਤ ਹਾਸਲ ਕੀਤੀ ਹੈ।
ਜਿੱਤ ਤੋਂ ਬਾਅਦ ਪ੍ਰਤਿਭਾ ਸਿੰਘ ਨੇ ਕੀ ਕਿਹਾ-
ਮੰਡੀ ਲੋਕ ਸਭਾ ਸੀਟ ਜਿੱਤ ਮਗਰੋਂ ਪ੍ਰਤਿਭਾ ਸਿੰਘ ਨੇ ਇਸ ਦਾ ਸਿਹਰਾ ਮੰਡੀ ਦੀ ਜਨਤਾ ਨੂੰ ਦਿੱਤਾ ਹੈ। ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਤੀ ਵੀਰਭੱਦਰ ਸਿੰਘ ਦੇ ਪ੍ਰਚਾਰ ’ਚ ਸ਼ਾਮਲ ਨਾ ਹੋਣ ’ਤੇ ਉਨ੍ਹਾਂ ਦੀ ਕਮੀ ਮਹਿਸੂਸ ਹੋਈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸੀਟਾਂ ’ਤੇ ਕਾਂਗਰਸ ਦੀ ਜਿੱਤ ਤੋਂ ਬਾਅਦ ਪਾਰਟੀ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ’ਚ ਬਿਹਤਰ ਪ੍ਰਦਰਸ਼ਨ ਦਾ ਮੌਕਾ ਹੈ।