ਕੁਦਰਤ ਨੇ ਦੁੱਗਣਾ ਕੀਤਾ ‘ਨਵੇਂ ਸਾਲ’ ਦਾ ਜਸ਼ਨ, ਤਸਵੀਰਾਂ ’ਚ ਵੇਖੋ ਸ਼ਿਮਲਾ ’ਚ ਬਰਫ਼ਬਾਰੀ ਦਾ ਖੂਬਸੂਰਤ ਨਜ਼ਾਰਾ
Monday, Dec 28, 2020 - 02:08 PM (IST)
ਸ਼ਿਮਲਾ— ਨਵੇਂ ਸਾਲ ਚੜ੍ਹਨ ਨੂੰ ਕੁਝ ਹੀ ਦਿਨ ਬਾਕੀ ਬਚੇ ਹਨ। ਭਾਰਤ ਸਮੇਤ ਦੁਨੀਆ ਭਰ ਦੇ ਤਮਾਮ ਦੇਸ਼ ਨਵੇਂ ਸਾਲ ਦਾ ਸੁਆਗਤ ਕਰਨ ਲਈ ਤਿਆਰ ਹਨ। ਉੱਥੇ ਹੀ ਕੁਦਰਤ ਵੀ ਨਵੇਂ ਸਾਲ ਦੇ ਜਸ਼ਨ ਨੂੰ ਦੁੱਗਣਾ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਭਾਰਤੀ ਮੌਸਮ ਮਹਿਕਮੇ ਨੇ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ।
ਸ਼ਿਮਲਾ ’ਚ ਐਤਵਾਰ ਨੂੰ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫ਼ਬਾਰੀ ਹੋਣ ਕਾਰਨ ਸੈਲਾਨੀਆਂ ਦੇ ਚਿਹਰੇ ਖਿੜ ਗਏ, ਜੋ ਕਿ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਵੱਡੀ ਗਿਣਤੀ ਵਿਚ ਇੱਥੇ ਆਏ ਹਨ।
ਹਲਕੀ ਬਰਫ਼ਬਾਰੀ ਮਾਲ ਰੋਡ, ਜਾਖੂ, ਛੋਟਾ ਸ਼ਿਮਲਾ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸ਼ੁਰੂ ਹੋਈ। ਮੌਸਮ ਮਹਿਕਮੇ ਨੇ ਸੋਮਵਾਰ ਨੂੰ ਵੀ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਮੀਂਹ ਅਤੇ ਬਰਫ਼ਬਾਰੀ ਪੈਣ ਦਾ ਅਨੁਮਾਨ ਜਤਾਇਆ ਹੈ।
ਕੇਲੋਂਗ, ਕਲਪਾ ਅਤੇ ਮਨਾਲੀ ਸਮੇਤ ਸੂਬੇ ’ਚ ਕਈ ਥਾਵਾਂ ’ਤੇ ਤਾਪਮਾਨ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਮਹਿਕਮੇ ਦੇ ਸ਼ਿਮਲਾ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਲਾਹੌਲ-ਸਪੀਤੀ ਦਾ ਪ੍ਰਸ਼ਾਸਨਿਕ ਕੇਂਦਰ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਤਾਪਮਾਨ ਸਿਫਰ ਤੋਂ ਹੇਠਾਂ 11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਪਹਾੜੀ ਸੂਬਿਆਂ ’ਚ ਬਰਫ਼ਬਾਰੀ ਕਾਰਨ ਪੰਜਾਬ ਸਮੇਤ ਉੱਤਰ ਭਾਰਤ ਦੀਆਂ ਕਈ ਥਾਵਾਂ ’ਤੇ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਭਾਰਤੀ ਮੌਸਮ ਮਹਿਕਮੇ ਨੇ ਇਸ ਹਫ਼ਤੇ ਵੀ ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦਾ ਅਨੁਮਾਨ ਜਤਾਇਆ ਹੈ।