''World Humanity Commission'' ਪਾਸੋਂ ਕਲਗੀਧਰ ਸੋਸਾਇਟੀ ਬੜੂ ਸਾਹਿਬ ਨੂੰ ਮਿਲਿਆ ਪ੍ਰਸ਼ੰਸ਼ਾ ਪੱਤਰ

05/25/2020 4:40:01 PM

ਸਿਰਮੌਰ(ਬਿਊਰੋ): ਕਲਗ਼ੀਧਰ ਸੋਸਾਇਟੀ ਦੇ ਜਾਤ ਪਾਤ, ਰੰਗ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਦੇ ਭਲੇ ਲਈ ਲਗਾਤਾਰ ਚੱਲ ਰਹੇ ਵਡਮੁੱਲੇ ਤੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦੇ ਹੋਏ 'ਵਿਸ਼ਵ ਮਨੁੱਖਤਾ ਕਮਿਸ਼ਨ' (ਜਿਸ ਦਾ ਮੁੱਖ ਦਫ਼ਤਰ ਨਿਊਯਾਰਕ, ਸੰਯੁਕਤ ਰਾਜ ਅਮਰੀਕਾ ਵਿੱਚ ਹੈ) ਨੇ ਇਸ ਹਿਮਾਚਲ ਪ੍ਰਦੇਸ਼ ਆਧਾਰਤ ਵਿੱਦਿਅਕ ਅਤੇ ਸਮਾਜਿਕ ਵਿਕਾਸ ਅਤੇ ਬਦਲਾਅ ਲਿਆਉਣ ਵਾਲੀ ਇਸ ਸੋਸਾਇਟੀ (ਐਨਜੀਓ) ਨੂੰ ਸਨਮਾਨ ਵਜੋਂ ਪ੍ਰਸ਼ੰਸਾ ਪੱਤਰ ਦਿੱਤਾ ਹੈ।

ਕਲਗੀਧਰ ਸੋਸਾਇਟੀ ਦੁਆਰਾ ਵਿਸ਼ਵ-ਵਿਆਪੀ ਪੱਧਰ 'ਤੇ 'ਮਨੁੱਖਤਾ ਦੇ ਪਾਠ' ਪ੍ਰਫੁੱਲਤ ਕਰਨ ਲਈ ਅਤੇ ਮਨੁੱਖਤਾ ਦੇ ਭਲੇ ਦੇ ਉਪਦੇਸ਼ ਨੂੰ ਬੜੀ ਦ੍ਰਿੜ੍ਹਤਾ ਅਤੇ ਸੰਜੀਦਗੀ ਨਾਲ ਫੈਲਾਉਣ ਬਦਲੇ ਇਹ ਪ੍ਰਸੰਸਾ ਪੱਤਰ ਮਾਣ ਵਜੋਂ ਪ੍ਰਾਪਤ ਹੋਇਆ ਹੈ, ਜੋ ਕਿ 'ਸੋਸਾਇਟੀ' ਦੇ ਵੱਖ-ਵੱਖ ਦਫ਼ਤਰਾਂ ਵਿੱਚ ਮਾਣ ਸਹਿਤ ਲਗਾਇਆ ਜਾਵੇਗਾ। ਡਬਲਿਊ.ਐੱਚ.ਸੀ. ਨੇ ਕਲਗੀਧਰ ਸੋਸਾਇਟੀ ਬਾਰੇ ਇਹ ਸ਼ਲਾਘਾਯੋਗ ਨੋਟ ਲਿਆ ਹੈ ਜਿਸ ਵਿੱਚ ਉੱਤਰ ਭਾਰਤ ਦੀਆਂ 129 ਅਕਾਲ ਅਕੈਡਮੀਆਂ (ਸਕੂਲ) ਵਿੱਚ ਲੱਗਭੱਗ 70,000 ਪੇਂਡੂ ਬੱਚਿਆਂ ਨੂੰ ਘੱਟ ਕੀਮਤ ਵਾਲੀ ਕਦਰਾਂ ਕੀਮਤਾਂ 'ਤੇ ਅਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਪੇਂਡੂ ਇਲਾਕਿਆਂ ਵਿਚ ਵਿਸ਼ਾਲ ਤੇ ਪ੍ਰਭਾਵਸ਼ਾਲੀ ਪੱਧਰ 'ਤੇ ਨਾਰੀ-ਸਸ਼ਕਤੀਕਰਨ ਤਹਿਤ ਪੇਂਡੂ ਲੜਕੀਆਂ ਨੂੰ ਹੁਨਰਮੰਦ ਕਰਨ ਦੇ ਮਨੋਰਥ ਨਾਲ 2500 ਤੋਂ ਵੱਧ ਲੜਕੀਆਂ ਨੂੰ ਟੀਚਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 

ਸੋਸਾਇਟੀ ਵੱਲੋਂ ਮੁੱਢ ਤੋਂ ਹੀ ਮਨੁੱਖੀ ਰਾਹਤ ਅਤੇ ਮੁੜ ਵਸੇਵੇ ਸਮੇਤ ਮੁੱਢਲੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿਵੇਂ ਕਿ ਜੰਮੂ ਕਸ਼ਮੀਰ ਵਿੱਚ ਸਾਲ 2005 ਵਿੱਚ ਭੂਚਾਲ ਦੌਰਾਨ, ਸਾਲ 2018 ਦੇ ਕੇਰਲਾ ਹੜ੍ਹ ਦੌਰਾਨ, ਪੰਜਾਬ ਵਿੱਚ ਆਏ ਸਾਲ 2019 ਵਿਚ ਹੜ੍ਹ ਦੌਰਾਨ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਹਰ ਸੰਭਵ ਯੋਗਦਾਨ ਪਾਇਆ ਅਤੇ ਮੌਜੂਦਾ ਹਾਲਾਤਾਂ ਵਿੱਚ ਕੋਵਿਡ-19 ਵਰਗੀ ਭਿਆਨਕ ਬਿਮਾਰੀ ਦੌਰਾਨ ਲੱਗੇ ਲਾਕਡਾਊਨ ਵਿੱਚ ਮਨੁੱਖਤਾ ਦੇ ਭਲੇ ਲਈ ਸੋਸਾਇਟੀ ਵੱਲੋਂ ਸਿਕਲੀਗਰ ਪਰਿਵਾਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੰਗਰ ਅਤੇ ਮੁਫ਼ਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸੋਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਜਾਤੀ, ਰੰਗ, ਧਰਮ ਜਾਂ ਇਲਾਕੇ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਆਧੁਨਿਕ ਵਿਗਿਆਨਕ ਅਤੇ ਅਧਿਆਤਮਿਕ ਸਿੱਖਿਆ ਦੇ ਸੁਮੇਲ ਨੂੰ ਪ੍ਰਦਾਨ ਕਰਾਉਣ ਦਾ ਇੱਕ ਵਿਲੱਖਣ ਨਮੂਨਾ ਦਿੱਤਾ ਗਿਆ।

ਵਿਸ਼ਵ ਮਨੁੱਖਤਾ ਕਮਿਸ਼ਨ ਨਿਊਯਾਰਕ ਵਿਚ ਅਧਾਰਿਤ ਵਿਸ਼ਵ ਪੱਧਰੀ ਸੰਸਥਾ ਹੈ ਜੋ ਕਿ ਵਿਕਾਸਸ਼ੀਲ ਅਤੇ ਮਾਨਵਵਾਦੀ ਉਦੇਸ਼ਾਂ ਨੂੰ ਸਮਰਪਿਤ ਹੈ ਅਤੇ ਇਹ ਵਿਸ਼ਵਵਿਆਪੀ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਮਾਨਵਵਾਦੀ ਚੇਤਨਾ ਅਤੇ ਸੇਵਾ ਨੂੰ ਉਤਸ਼ਾਹਤ ਕਰਕੇ ਸੁਰੱਖਿਅਤ ਅਤੇ ਬਿਹਤਰ ਸਮਾਜ ਦੀ ਸਿਰਜਣਾ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਹੈ। ਇਸ ਸਰਟੀਫਿਕੇਟ ਦੀ ਘੋਸ਼ਣਾ ਮਾਸਟਰ ਓਂਕਾਰ ਬੱਤਰਾ, ਕੌਂਸਲ ਆਫ ਜੰਗ ਅੰਬੈਸਡਰਜ਼, ਭਾਰਤ ਦੇ ਵਿਸ਼ਵ ਮਨੁੱਖਤਾ ਕਮਿਸ਼ਨ ਦੁਆਰਾ ਕੀਤੀ ਗਈ ਹੈ, ਜੋ ਕਿ ਵਿਸ਼ਵ ਦਾ ਸਭ ਤੋਂ ਛੋਟਾ ਲੇਖਕ ਅਤੇ ਵਿਸ਼ਵ ਦਾ ਸਭ ਤੋਂ ਘੱਟ ਉਮਰ ਦਾ ਵੈੱਬ ਮਾਸਟਰ ਵੀ ਹੈ। ਓਂਕਾਰ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਰਾਸ਼ਟਰਪਤੀ ਦੁਆਰਾ 'ਰਾਸ਼ਟਰੀ ਬਾਲ ਪੁਰਸਕਾਰ 2020', ਜੋ ਇਕ ਬੱਚਿਆਂ ਲਈ ਭਾਰਤ ਦਾ ਸਭ ਤੋਂ ਪ੍ਰਤਿਸ਼ਠਾਵਾਨ ਅਤੇ ਸਰਬ ਉੱਚ ਨਾਗਰਿਕ ਪੁਰਸਕਾਰ ਹੈ, ਦਿੱਤਾ ਗਿਆ ਹੈ । 

PunjabKesari

ਓਂਕਾਰ ਨੇ ਇਸ ਪੁਰਸਕਾਰ ਦੀ ਘੋਸ਼ਣਾ ਕਰਨ ਸਮੇਂ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਡਬਲਿਊ.ਐੱਚ.ਸੀ. ਨੇ ਇੱਕ ਸਰਬਪੱਖੀ ਸੇਵਾ ਪੈਕੇਜ ਮੁਹੱਈਆ ਕਰਾਉਣ ਦਾ ਉਦੇਸ਼ ਮਿੱਥਿਆ ਹੈ ਜਿਸ ਤਹਿਤ ਦੇਖਿਆ ਗਿਆ ਕਿ ਕਲਗੀਧਰ ਸੋਸਾਇਟੀ ਵਿਸ਼ਵ ਭਰ ਵਿੱਚ ਬੱਚਿਆਂ ਨੂੰ ਪ੍ਰੇਰਿਤ, ਸਿੱਖਿਅਤ ਅਤੇ ਸਸ਼ਕਤੀਕਰਨ ਕਰਨ ਲਈ ਇਕ ਪੈਕਿਜ ਦੇ ਰਹੀ ਹੈ ਜਿਸ ਨਾਲ ਸਮਾਜਿਕ ਵਿਕਾਸ ਅਤੇ ਰਾਸ਼ਟਰ ਨਿਰਮਾਣ ਕਰਨ 'ਚ ਯੋਗਦਾਨ ਪਾਉਣ ਵਾਲੀ ਇਹ ਸੰਸਥਾ ਮਨੁੱਖਤਾ ਦੇ ਸਰਵਪੱਖੀ ਵਿਕਾਸ ਵਿਚ ਕਾਰਗਰ ਸਿੱਧ ਹੋ ਰਹੀ ਹੈ।ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਸੈਕਟਰੀ ਡਾ. ਦਵਿੰਦਰ ਸਿੰਘ ਨੇ ਕਿਹਾ,''ਇਹ ਸਾਡੇ ਲਈ ਕਾਫੀ ਚੁਣੌਤੀ ਭਰਪੂਰ ਅਤੇ ਵਿਕਾਸਸ਼ੀਲ ਯਾਤਰਾ ਹੈ ਜਿਸ ਵਿਚ ਅਸੀਂ ਸਾਧਾਰਨ ਰਹਿਣ ਸਹਿਣ, ਉੱਚੀ ਸੋਚ, ਪਿਆਰ, ਹਮਦਰਦੀ, ਪੇਸ਼ੇਵਰ, ਇਮਾਨਦਾਰੀ ਅਤੇ ਦਿਆਨਤਦਾਰੀ ਦੇ ਸਥਾਈ ਮੁੱਲਾਂ ਤੇ ਨਿਰੰਤਰ ਧਿਆਨ ਦਿੱਤਾ ਹੈ। ਸਾਡੀ ਟੀਮ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਪਿਛਲੇ 34 ਸਾਲਾਂ ਦੌਰਾਨ ਉੱਤਰੀ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਕਦਰਾਂ ਕੀਮਤਾਂ 'ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਵਾਉਣ ਲਈ ਇਸ ਸੰਪੂਰਨ ਪੈਮਾਨੇ ਦੇ ਯੋਗ ਹੋਏ ਹਾਂ। ਇਹ ਸਾਡੀ ਸੰਸਥਾ ਲਈ ਇਕ ਤਾਜ਼ੀ ਹਵਾ ਦੇ ਬੁੱਲੇ ਵਾਂਗੂ ਹੈ ਜੋ ਕਿ ਦਹਾਕਿਆਂ ਤੋਂ ਜ਼ਿੰਦਗੀ ਦੇ ਸਾਰੇ ਪਹਿਲੂ: ਸਿੱਖਿਆ, ਸਿਹਤ, ਸਮਾਜਿਕ-ਆਰਥਿਕ- ਨੈਤਿਕ ਸਸ਼ਕਤੀਕਰਨ ਨੂੰ ਉੱਤਰੀ ਭਾਰਤ ਦੇ ਪੇਂਡੂ ਖੇਤਰਾਂ 'ਚ ਅੱਗੇ ਵਧਾ ਰਹੀ ਹੈ।''

ਡਾ. ਨੀਲਮ ਕੌਰ, ਪ੍ਰਿੰਸੀਪਲ ਅਕਾਲ ਅਕੈਡਮੀ, ਆਈ.ਬੀ. ਵਰਲਡ ਸਕੂਲ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪ੍ਰਸਿੱਧ ਸਿਹਤ ਪੇਸ਼ੇਵਰ, ਨੇ ਕਿਹਾ,''ਅਕਾਲ ਅਕੈਡਮੀ ਸਿੱਖਿਆ ਦੇ ਪਵਿੱਤਰ ਅਸਥਾਨ ਹਨ ਜੋ ਮਨੁੱਖੀ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ ਅਤੇ ਅਣਗੌਲੀ ਪ੍ਰਤਿਭਾ ਨੂੰ ਨਿਖਾਰ ਕੇ ਵਿਗਿਆਨ, ਕਲਾ ਅਤੇ ਉੱਚੀ ਸੋਚ ਲਈ ਰਸਤਾ ਖੋਲ੍ਹਦੇ ਹਨ। ਵਿਦਿਆਰਥੀ ਅੰਦਰੂਨੀ ਅਤੇ ਬਾਹਰੀ ਦੁਨੀਆ ਨੂੰ ਉਸ ਦ੍ਰਿਸ਼ਟੀਕੋਣ ਨਾਲ ਜਾਂਚਦੇ ਹਨ ਜੋ ਉਨ੍ਹਾਂ ਨੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਅਸੀਂ ਬੱਚੇ ਦੇ ਦਿਲ ਦਾ ਇਸ ਤਰ੍ਹਾਂ ਵਿਕਾਸ ਕਰਦੇ ਹਾਂ ਕਿ ਉਹ ਲਾਇਕ ਬਣ ਸਕੇ ਅਤੇ ਪਿਆਰ ਅਤੇ ਦਇਆ ਵਰਗੀਆਂ ਚੰਗਿਆਈਆਂ ਵੰਡ ਸਕੇ। ਅਸੀਂ ਆਪਣੇ ਆਲੇ-ਦੁਆਲੇ ਦੇ ਸਮਾਜ ਦੇ ਚੰਗੇ ਮੰਦੇ ਦੀ ਪੜਤਾਲ ਕਰਦੇ ਹਾਂ ਅਤੇ ਦੁਨੀਆ ਨੂੰ ਸੁਰੱਖਿਅਤ, ਸ਼ਾਂਤਮਈ, ਸਥਿਰਤਾ, ਸੰਵੇਦਨਸ਼ੀਲਤਾ ਅਤੇ ਵਧੇਰੇ ਅਨੁਕੂਲ ਜਗ੍ਹਾ ਬਣਾਉਣ ਦੇ ਰਸਤੇ ਪੈਦਾ ਕਰਦੇ ਹਾਂ। ਸਾਡੇ ਸਾਬਕਾ ਵਿਦਿਆਰਥੀ ਵੀ ਆਪਣੇ ਵਿਰਸੇ ਨਾਲ ਜੁੜੇ ਰਹਿ ਕੇ ਉਸਾਰੂ ਸੋਚ, ਅਗਵਾਈ, ਸਿਰਜਨਾਤਮਕਤਾ ਅਤੇ ਨਵੀਨਤਾ ਨਾਲ ਚੰਗੇ ਸਮਾਜ ਦੀ ਸਿਰਜਣਾ ਕਰਨ ਵਿਚ ਸਹਾਈ ਹੋ ਰਹੇ ਹਨ ।

'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦੇ ਸੰਦੇਸ਼ ਨੂੰ ਮੁਖ ਰੱਖਦੇ ਹੋਏ ਜਦੋਂ ਅਜਿਹੀਆਂ ਸੰਸਥਾਵਾਂ ਨੂੰ 'ਮਨੁੱਖਤਾ ਦੇ ਪਾਠ' ਲਈ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਇਹ ਇਕ ਬਹੁਤ ਚੰਗਾ ਅਨੁਭਵ ਮਹਿਸੂਸ ਹੁੰਦਾ ਹੈ।

ਜਾਣੋ ਕਲਗੀਧਰ ਸੋਸਾਇਟੀ ਬਾਰੇ:
ਕਲਗੀਧਰ ਸੁਸਾਇਟੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਇਕ ਗੈਰ-ਮੁਨਾਫਾ ਚੈਰੀਟੇਬਲ ਸੰਸਥਾ ਹੈ। ਇਹ ਨਸ਼ਿਆਂ ਅਤੇ ਸ਼ਰਾਬ ਦੇ ਵੱਧ ਰਹੇ ਖਤਰਨਾਕ ਪ੍ਰਭਾਵਾਂ ਵਿਰੁੱਧ ਲੜਨ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ। ਨਾਲ ਹੀ ਸਮਾਜ ਭਲਾਈ, ਨਾਰੀ ਸਸ਼ਕਤੀਕਰਨ ਅਤੇ ਸਿਹਤ ਦੇ ਸਾਂਝੇ ਯਤਨਾਂ ਨਾਲ ਕਲਗੀਧਰ ਸੋਸਾਇਟੀ ਬੜੂ ਸਾਹਿਬ ਵੱਲੋਂ ਉੱਤਰੀ ਭਾਰਤ ਵਿੱਚ 129 ਅਕਾਲ ਅਕੈਡਮੀਆਂ ਦੀ ਘੱਟ ਖਰਚਿਆਂ ਵਾਲੀ ਇੱਕ ਵਿੱਦਿਅਕ ਲੜੀ ਹੈ ਜੋ ਕਿ ਪੇਂਡੂ ਖੇਤਰ ਵਿੱਚ ਗ਼ਰੀਬਾਂ ਦੀ ਸਮਾਜਿਕ-ਆਰਥਿਕ ਉੱਨਤੀ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸੋਸਾਇਟੀ ਵੱਲੋਂ 129 ਅਕੈਡਮੀਆਂ, 2 ਯੂਨੀਵਰਸਿਟੀਆਂ, 2500 ਦੇ ਕਰੀਬ ਪੇਂਡੂ ਖੇਤਰ ਨਾਲ ਸਬੰਧਤ ਲੜਕੀਆਂ ਨੂੰ ਹੁਨਰਮੰਦ ਕਰਨ ਲਈ ਵਿਸ਼ੇਸ਼ ਤੌਰ 'ਤੇ ਅਧਿਆਪਕ ਸਿਖਲਾਈ ਦਿੱਤੀ ਜਾ ਰਹੀ ਹੈ, ਇੱਕ ਮੁਫਤ ਚੈਰੀਟੇਬਲ ਹਸਪਤਾਲ, ਤਿੰਨ ਨਸ਼ਾ ਛੁਡਾਊ ਕੇਂਦਰ, ਇੱਕਅਨਾਥ ਆਸ਼ਰਮ, ਬਿਰਧ ਆਸ਼ਰਮ, ਪੀੜਤ ਔਰਤਾਂ ਲਈ ਮੁੜ-ਵਸੇਵਾ ਕੇਂਦਰ, ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਵਿਚ ਹਰ ਵਰ੍ਹੇ ਲੋੜਵੰਦਾਂ ਲਈ ਚਾਰ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ:
ਜਸਪ੍ਰੀਤ ਸਿੰਘ (+91 9811108329)
info@barusahib.org
www.barusahib.org


Vandana

Content Editor

Related News