ਮਾਏ ਦੱਸ ਮੇਰਾ ਕੀ ਸੀ ਕਸੂਰ! ਗੋਹੇ ਦੇ ਢੇਰ ਕੋਲ ਮਿਲੀ ਨਵਜੰਮੀ ਬੱਚੀ, ਮਾਂ ਨੂੰ ਲੱਭ ਰਹੀ ਪੁਲਸ

Tuesday, Jun 22, 2021 - 02:37 PM (IST)

ਮਾਏ ਦੱਸ ਮੇਰਾ ਕੀ ਸੀ ਕਸੂਰ! ਗੋਹੇ ਦੇ ਢੇਰ ਕੋਲ ਮਿਲੀ ਨਵਜੰਮੀ ਬੱਚੀ, ਮਾਂ ਨੂੰ ਲੱਭ ਰਹੀ ਪੁਲਸ

ਸਿਰਮੌਰ— ਧੀਆਂ ਨੂੰ ਜਾਂ ਤਾਂ ਕੁੱਖ ’ਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਪੈਦਾ ਹੋਣ ਤੋਂ ਬਾਅਦ ਲਵਾਰਿਸ ਛੱਡ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦਾ ਹੈ, ਜਿੱਥੇ ਗੋਹੇ ਦੇ ਢੇਰ ਕੋਲ ਇਕ ਨਵਜੰਮੀ ਬੱਚੀ ਮਿਲੀ। ਉਸ ਨੇ ਅਜੇ ਦੁਨੀਆ ਵੇਖਣ ਲਈ ਬਸ ਅੱਖਾਂ ਖੋਲ੍ਹੀਆਂ ਹੀ ਸਨ ਕਿ ਉਸ ਨੂੰ ਲਵਾਰਿਸ ਛੱਡ ਦਿੱਤਾ ਗਿਆ। ਪਤਾ ਨਹੀਂ ਉਸ ਮਾਂ ਦੀ ਕੀ ਮਜ਼ਬੂਰੀ ਰਹੀ ਹੋਵੇਗੀ ਪਰ ਉਸ ਨਵਜੰਮੀ ਬੱਚੀ ਦਾ ਕਸੂਰ ਕੀ ਸੀ? ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਸਬ-ਡਵੀਜ਼ਨ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 

ਮਾਂ ਨੇ ਬੱਚੀ ਨੂੰ ਜਨਮ ਦੇਣ ਮਗਰੋਂ ਖੇਤ ਵਿਚ ਗੋਹੇ ਦੇ ਢੇਰ ਕੋਲ ਸੁੱਟ ਦਿੱਤਾ। ਉਕਤ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੁਲਸ ਨੇ ਸੂਚਨਾ ਮਿਲਦੇ ਹੀ ਬੱਚੀ ਨੂੰ ਰੈਸਕਿਊ ਕਰਵਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਰੋਨਹਾਟ ਸਬ-ਤਹਿਸੀਲ ਦੀ ਸ਼ੰਖੋਲੀ ਪੰਚਾਇਤ ਦੇ ਕਮਿਯਾਰਾ ਨਾਮੀ ਥਾਂ ’ਤੇ ਮੰਗਲਵਾਰ ਸਵੇਰੇ ਜਦੋਂ ਇਕ ਵਿਅਕਤੀ ਆਪਣੇ ਖੇਤਰ ਵਿਚ ਕੰਮ ਕਰਨ ਗਿਆ ਤਾਂ ਉਸ ਨੇ ਵੇਖਿਆ ਕਿ ਗੋਹੇ ਦੇ ਢੇਰ ਕੋਲ ਇਕ ਨਵਜੰਮੀ ਬੱਚੀ ਹੈ। ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਸ ਦੀ ਟੀਮ ਰੋਨਹਾਟ ’ਚ ਤਾਇਨਾਤ ਡਾਕਟਰ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੀ ਅਤੇ ਨਵਜੰਮੀ ਬੱਚੀ ਨੂੰ ਇਲਾਜ ਲਈ ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ ਸ਼ਿਲਾਈ ਪਹੁੰਚਾਇਆ ਗਿਆ। ਫ਼ਿਲਹਾਲ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਖੇਤ ਵਿਚ ਗੋਹੇ ਦੇ ਢੇਰ ਕੋਲ ਲਵਾਰਿਸ ਛੱਡਣ ਵਾਲੀ ਮਾਂ ਦਾ ਪੁਲਸ ਪਤਾ ਲਾ ਰਹੀ ਹੈ।


author

Tanu

Content Editor

Related News