"''ਆਪ'' ਸਰਪੰਚ ਤੋਂ ਮਿਲੀ 4 ਕਿੱਲੋ ਹੈਰੋਇਨ, ਕੀ ਇਹੀ ਹੈ ਯੁੱਧ ਨਸ਼ਿਆਂ ਵਿਰੁੱਧ?"
Thursday, Mar 19, 2026 - 06:42 PM (IST)
ਚੰਡੀਗੜ੍ਹ (ਵੈੱਬ ਡੈਸਕ): ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਆਗੂ ਤੋਂ ਹੈਰੋਇਨ ਬਰਾਮਦ ਹੋਣ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਇਕ ਸਰਪੰਚ ਅਤੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਕੋਲੋਂ 18 ਕਿੱਲੋ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਹੋਈ ਅਤੇ ਹੁਣ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਵਿਚ ਇਕ ਹੋਰ ਆਮ ਆਦਮੀ ਪਾਰਟੀ ਦੇ ਸਰਪੰਚ ਕੋਲੋਂ 4 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ।
ਪਰਗਟ ਸਿੰਘ ਨੇ ਇਨ੍ਹਾਂ ਦੋਹਾਂ ਸਰਪੰਚਾਂ ਦਾ ਹਵਾਲਾ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਦਾ ਸਿਆਸੀ ਗੱਠਜੋੜ ਵਧ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉਕਤ ਸਰਪੰਚ ਦੀਆਂ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸਿਸੋਦੀਆ ਦੇ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਕਾਇਦਾ ਟੈਗ ਕਰ ਕੇ ਪੁੱਛਿਆ ਹੈ ਕਿ ਕੀ ਇਹੀ ਹੈ 'ਯੁੱਧ ਨਸ਼ਿਆਂ ਵਿਰੁੱਧ'?

ਪਰਗਟ ਸਿੰਘ ਨੇ ਟਵੀਟ ਕੀਤਾ, "ਪਹਿਲਾਂ ਆਮ ਆਦਮੀ ਪਾਰਟੀ ਦੇ ਇਕ ਸਰਪੰਚ ਅਤੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਕੋਲੋਂ 18 ਕਿੱਲੋ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਹੋਈ ਅਤੇ ਹੁਣ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਵਿਚ ਇਕ ਹੋਰ ਆਮ ਆਦਮੀ ਪਾਰਟੀ ਦੇ ਸਰਪੰਚ ਕੋਲੋਂ 4 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਨਸ਼ਾ ਤਸਕਰਾਂ ਦਾ ਸਿਆਸੀ ਗੱਠਜੋੜ ਵਧ ਰਿਹਾ ਹੈ! ਕੀ ਇਹੀ ਹੈ #YudhNasheanVirudh?
"
