ਹਾਏ ਇਹ ਮਹਿੰਗਾਈ! ਸ਼ਰਾਬ ਸਸਤੀ ਪਰ ਪੈਟਰੋਲ ਤੇ ਦੁੱਧ ਦੀਆਂ ਕੀਮਤਾਂ ਤੋਂ ਜਨਤਾ ਬੇਹਾਲ
Thursday, Jul 01, 2021 - 03:55 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਵੱਧਦੀ ਮਹਿੰਗਾਈ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ। ਹਿਮਾਚਲ ’ਚ ਸਥਿਤੀ ਹੁਣ ਇਹ ਬਣ ਗਈ ਹੈ ਕਿ ਸ਼ਰਾਬ ਸਸਤੀ ਪਰ ਦੁੱਧ ਅਤੇ ਪੈਟਰੋਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਪੈਟਰੋਲ ਦੀ ਕੀਮਤ 100 ਰੁਪਏ ਪਹੁੰਚ ਗਈ ਹੈ, ਉੱਥੇ ਹੀ ਦੁੱਧ 54 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਅਜਿਹੇ ਵਿਚ ਆਮ ਆਦਮੀ ਨੂੰ ਝਟਕਾ ਲੱਗਾ ਹੈ। ਦੱਸ ਦੇਈਏ ਕਿ ਹਿਮਾਚਲ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ 95 ਰੁਪਏ ਦੇ ਨੇੜੇ-ਤੇੜੇ ਵਿਕ ਰਿਹਾ ਹੈ। ਪੈਟਰੋਲ, ਦੁੱਧ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਨਵੀਂ ਆਬਕਾਰੀ ਨੀਤੀ ਬੁੱਧਵਾਰ ਯਾਨੀ ਕਿ 1 ਜੁਲਾਈ ਤੋਂ ਲਾਗੂ ਹੋ ਗਈ ਹੈ। ਨਵੀਂ ਨੀਤੀ ਤਹਿਤ ਲਾਈਸੈਂਸ ਫ਼ੀਸ ਅਤੇ ਐਕਸਾਈਜ ਡਿਊਟੀ ਘੱਟ ਹੋਣ ਨਾਲ ਦੇਸੀ ਅਤੇ ਭਾਰਤੀ ਵਿਚ ਨਿਰਮਿਤ ਵਿਦੇਸ਼ੀ ਸ਼ਰਾਬ ਦੀ ਘੱਟ ਕੀਮਤ ਵਾਲੇ ਬਰਾਂਡ ਸਸਤੇ ਹੋਣਗੇ। ਵਿਦੇਸ਼ੀ ਅਤੇ ਮਹਿੰਗੀ ਸ਼ਰਾਬ ਦੀ ਉਪਲੱਬਧਤਾ ਬਣਾ ਕੇ ਰੱਖਣ ਲਈ ਥੋਕ ਵਿਕ੍ਰੇਤਾਵਾਂ ਨੂੰ ਹੁਣ ਕਿਸੇ ਸਟੇਟ ਕਸਟਮ ਬਾਂਡੇਡ ਵੇਅਰਹਾਊਸ ਤੋਂ ਸ਼ਰਾਬ ਲੈਣ ਦੀ ਛੋਟ ਦਿੱਤੀ ਗਈ ਹੈ। ਨਵੀਂ ਨੀਤੀ ਤੋਂ ਸਰਕਾਰ ਨੂੰ ਪਿਛਲੇ ਸਾਲ ਦੀ ਤੁਲਨਾ ਵਿਚ 228 ਕਰੋੜ ਰੁਪਏ ਵਧ ਕੇ ਕਰੀਬ 1829 ਕਰੋੜ ਦਾ ਮਾਲੀਆ ਆਇਆ।