ਹਿਮਾਚਲ ਦਿਵਸ ’ਤੇ CM ਜੈਰਾਮ ਠਾਕੁਰ ਦੇ ਐਲਾਨ, 125 ਯੂਨਿਟ ਤਕ ਬਿਜਲੀ ਅਤੇ ਪੇਂਡੂ ਇਲਾਕਿਆਂ ’ਚ ਪਾਣੀ ਮੁਫ਼ਤ
Saturday, Apr 16, 2022 - 11:28 AM (IST)
ਚੰਬਾ (ਕਾਕੂ ਚੌਹਾਨ)- ਹਿਮਾਚਲ ਪ੍ਰਦੇਸ਼ ’ਚ ਹੁਣ ਹਿਮਾਚਲ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਵਿਚ ਔਰਤਾਂ ਤੋਂ ਅੱਧਾ ਕਿਰਾਇਆ ਲਿਆ ਜਾਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਚੰਬਾ ਵਿਚ ਆਯੋਜਿਤ ਸੂਬਾ ਪੱਧਰੀ ਹਿਮਾਚਲ ਦਿਵਸ ਸਮਾਰੋਹ ਦੌਰਾਨ ਮਹਿਲਾ ਯਾਤਰੀਆਂ ਨੂੰ ਕਿਰਾਏ ਵਿਚ 50 ਫ਼ੀਸਦੀ ਛੋਟ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਲਗਭਗ 60 ਕਰੋੜ ਰੁਪਏ ਦੇ ਲਾਭ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਪਹਿਲੀ ਜੁਲਾਈ ਤੋਂ ਸਾਰੇ ਬਿਜਲੀ ਖਪਤਕਾਰਾਂ ਨੂੰ 125 ਯੂਨਿਟ ਤਕ ਜ਼ੀਰੋ ਬਿੱਲ ਦੀ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਤੋਂ ਕੋਈ ਬਿਜਲੀ ਬਿੱਲ ਨਾ ਲੈਣ ਦਾ ਵੀ ਉਨ੍ਹਾਂ ਨੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸੂਬੇ ਦੇ 11.5 ਲੱਖ ਬਿਜਲੀ ਖਪਤਕਾਰਾਂ ਨੂੰ 250 ਕਰੋੜ ਰੁਪਏ ਦੇ ਲਾਭ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਪੇਂਡੂ ਇਲਾਕਿਆਂ ਵਿਚ ਰਹਿ ਰਹੇ ਸਾਰੇ ਪਰਿਵਾਰਾਂ ਤੋਂ ਪਾਣੀ ਦਾ ਕੋਈ ਬਿੱਲ ਨਾ ਲੈਣ ਦਾ ਵੀ ਐਲਾਨ ਕੀਤਾ, ਜਿਸ ਦੇ ਨਾਲ ਸੂਬੇ ਦੇ ਪੇਂਡੂ ਪਰਿਵਾਰਾਂ ਨੂੰ 30 ਕਰੋੜ ਰੁਪਏ ਦੇ ਵਿੱਤੀ ਲਾਭ ਪ੍ਰਦਾਨ ਹੋਣਗੇ। ਮੁੱਖ ਮੰਤਰੀ ਨੇ ਇਸ ਮੌਕੇ ਸੂਬੇ ਦੇ ਲੋਕਾਂ ਦਾ ਅਭਿਨੰਦਨ ਕਰਦੇ ਹੋਏ ਆਜ਼ਾਦੀ ਘੁਲਾਟੀਏ, ਹਿਮਾਚਲ ਨਿਰਮਾਤਾ ਅਤੇ ਪਹਿਲੇ ਮੁੱਖ ਮੰਤਰੀ ਡਾ. ਯਸ਼ਵੰਤ ਸਿੰਘ ਪਰਮਾਰ ਨੂੰ ਵੀ ਸ਼ਰਧਾਂਜਲੀ ਦਿੱਤੀ। ਉਨ੍ਹਾਂ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਨੂੰ ਉਦਯੋਗਿਕ ਪੈਕੇਜ ਪ੍ਰਦਾਨ ਕੀਤਾ ਸੀ। ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਨੂੰ ਵੀ ਕੋਰੋਨਾ ਮਹਾਮਾਰੀ ਕਾਰਨ ਔਖੇ ਸਮੇਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਸੂਬਾ ਨਾ ਸਿਰਫ ਇਸ ਸਥਿਤੀ ’ਤੇ ਕਾਬੂ ਪਾਉਣ ’ਚ ਸਮਰੱਥ ਰਿਹਾ ਸਗੋਂ ਵਿਕਾਸ ਦੀ ਰਫ਼ਤਾਰ ਨੂੰ ਵੀ ਬਿਨਾਂ ਰੁਕਾਵਟ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਪ੍ਰਤੀ ਵਿਸ਼ੇਸ਼ ਲਗਾਅ ਕਾਰਨ ਉਨ੍ਹਾਂ ਦੇ ਕਾਰਜਕਾਲ ਵਿਚ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀਆਂ ਸੌਗਾਤਾਂ ਮਿਲੀਆਂ ਹਨ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਹਿਮਾਚਲ ਦਿਵਸ ਦੇ ਮੌਕੇ ’ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਰਿਆਇਤਾਂ ਦਾ ਐਲਾਨ ਕਰ ਕੇ ਸੱਤਾ ’ਚ ਬਣੇ ਰਹਿਣਾ ਚਾਹੁੰਦੇ ਹਨ ਜੈਰਾਮ : ਅਗਨੀਹੋਤਰੀ
ਵਿਰੋਧੀ ਧੜ੍ਹੇ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਾਢੇ 4 ਸਾਲ ਜਨਤਾ ਨੂੰ ਬੇਹਾਲ ਕਰਨ ਵਾਲੀ ਸਰਕਾਰ ਹੁਣ ਕੁਝ ਰਿਆਇਤਾਂ ਦਾ ਐਲਾਨ ਕਰ ਕੇ ਸੱਤਾ ਵਿਚ ਬਣੀ ਰਹਿਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੈ। ਸੀ. ਐੱਮ. ਇਹ ਗੱਲ ਸਮਝ ਲੈਣ ਕਿ ਹੁਣ ਉਨ੍ਹਾਂ ਨੂੰ ਸੱਤਾ ’ਚੋਂ ਹਰ ਹਾਲਤ ’ਚ ਬਾਹਰ ਹੋਣਾ ਹੈ ਅਤੇ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਉਣ ਵਾਲੀ ਹੈ। ਸੀ. ਐੱਮ. ਲੁਭਾਉਣੇ ਐਲਾਨਾਂ ’ਤੇ ਉਤਰ ਆਏ ਹਨ, ਜਿਸ ਨਾਲ ਸਿੱਧ ਹੁੰਦਾ ਹੈ ਕਿ ਸਰਕਾਰ ਕੋਲ ਪ੍ਰਾਪਤੀ ਦੇ ਨਾਂ ’ਤੇ ਵਿਖਾਉਣ ਲਈ ਕੁਝ ਨਹੀਂ ਹੈ। ਸੀ. ਐੱਮ. ਦੱਸਣ ਕਿ ਬੇਰੋਜ਼ਗਾਰਾਂ ਲਈ ਕੀ ਨੀਤੀ ਬਣਾਈ ਗਈ ਹੈ? ਕਿਉਂ ਉਦਯੋਗਿਕ ਖੇਤਰਾਂ ਵਿਚ ਵੀ ਹਿਮਾਚਲ ਦੇ ਬੇਰੋਜ਼ਗਾਰਾਂ ਨਾਲ ਭੇਦਭਾਵ ਹੋ ਰਿਹਾ ਹੈ? ਕਿਉਂ ਸਰਕਾਰ ਕੋਲ ਰੋਜ਼ਗਾਰ ਦੇਣ ਅਤੇ ਸਿਰਜਣ ਦੀ ਕੋਈ ਨੀਤੀ ਨਹੀਂ ਹੈ?
ਹੋਲੀ-ਉਤਰਾਲਾ ਸੜਕ ਦੇ ਕੰਮ ’ਚ ਤੇਜ਼ੀ ਲਿਆਉਣ ਲਈ 5 ਕਰੋੜ ਰੁਪਏ
ਮੁੱਖ ਮੰਤਰੀ ਨੇ ਹੋਲੀ-ਉਤਰਾਲਾ ਸੜਕ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ 5 ਕਰੋੜ ਰੁਪਏ ਅਤੇ ਚੰਬਾ ਹੈੱਡਕੁਆਰਟਰ ਵਿਚ ਲੋਕਾਂ ਦੀ ਸਹੂਲਤ ਲਈ ਮਿੰਨੀ ਸਕੱਤਰੇਤ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਚੰਬਾ ਸ਼ਹਿਰ ਦੇ ਸੁੰਦਰੀਕਰਨ ਅਤੇ ਸ਼ਹਿਰ ਵਿਚ ਆਵਾਜਾਈ ਵਿਵਸਥਾ ਨੂੰ ਸੁਧਾਰਨ ਲਈ ਜ਼ਰੂਰੀ ਕਦਮ ਚੁੱਕਣ ਦਾ ਵੀ ਐਲਾਨ ਕੀਤਾ।
ਭਾਜਪਾ ਦੀਆਂ ਸਾਰੀਆਂ ਸਰਕਾਰਾਂ ਕਰਨ ਅਜਿਹਾ ਐਲਾਨ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ਸਰਕਾਰ ਦੀ ਨਕਲ ਕਰ ਕੇ ਹਿਮਾਚਲ ਸਰਕਾਰ ਨੇ ਜੋ ਐਲਾਨ ਕੀਤੇ ਹਨ, ਉਸ ਦੀ ਨਕਲ ਸਾਰੀਆਂ ਭਾਜਪਾ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਿਮਾਚਲ ਸਰਕਾਰ ਦੇ ਇਸ ਫਰਜ਼ੀ ਐਲਾਨ ਨਾਲ ਜਨਤਾ ਝਾਂਸੇ ਵਿਚ ਆਉਣ ਵਾਲੀ ਨਹੀਂ। ਅਜਿਹੇ ਐਲਾਨ ਸਰਕਾਰ ਚੋਣਾਂ ਤੋਂ ਬਾਅਦ ਵਾਪਸ ਲੈ ਲਵੇਗੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਹਿਮਾਚਲ ਦਿਵਸ ਦੀ ਵਧਾਈ ਵੀ ਦਿੱਤੀ ਹੈ ।