ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ; 5 ਲਾਸ਼ਾਂ ਬਰਾਮਦ, ਬਚਾਅ ਕੰਮ 'ਚ ਲੱਗੀ NDRF
Sunday, Feb 04, 2024 - 10:13 AM (IST)
ਮਾਨਪੁਰਾ (ਬੱਸੀ)– ਹਿਮਾਚਲ ਪ੍ਰਦੇਸ਼ ਵਿਚ ਸੋਲਨ ਜ਼ਿਲ੍ਹੇ ਦੇ ਬੱਦੀ ਉਦਯੋਗਿਕ ਖੇਤਰ 'ਚ ਇਕ ਪਰਫਿਊਮ ਬਣਾਉਣ ਵਾਲੀ ਫੈਕਟਰੀ ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਇਸ ਘਟਨਾ ਦੇ ਕਰੀਬ 30 ਘੰਟੇ ਬੀਤ ਜਾਣ ਤੋਂ ਬਾਅਦ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸ਼ੁੱਕਰਵਾਰ ਦੁਪਹਿਰ 3.45 ਵਜੇ ਲੱਗੀ। ਹੁਣ ਤੱਕ 9 ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਅਤੇ ਬਚਾਅ ਕਾਰਜ ਚੱਲ ਰਹੇ ਹਨ, ਜਦਕਿ 31 ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ- ਕਾਸਮੈਟਿਕ ਫੈਕਟਰੀ 'ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ, ਇਕ ਮਜ਼ਦੂਰ ਦੀ ਮੌਤ, 9 ਲਾਪਤਾ
ਐੱਨ. ਡੀ. ਆਰ. ਐੱਫ., ਫਾਇਰ ਅਤੇ ਪੁਲਸ ਦੀਆਂ ਟੀਮਾਂ ਘਟਨਾ ਵਾਲੀ ਥਾਂ ’ਤੇ ਡਟੀਆਂ ਹੋਈਆਂ ਹਨ। ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਲੋਕ ਇਸ ਹਾਦਸੇ ਦੀ ਲਪੇਟ ’ਚ ਆਏ ਹਨ, ਇਸ ਉਮੀਦ ਵਿਚ ਫੈਕਟਰੀ ਦੇ ਬਾਹਰ ਡਟੇ ਹਨ ਕਿ ਸ਼ਾਇਦ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜਿਊਂਦੇ ਨਿਕਲ ਆਉਣ। ਪੁਲਸ ਨੇ ਇਸ ਮਾਮਲੇ 'ਚ ਫੈਕਟਰੀ ਮੈਨੇਜਮੈਂਟ ਅਤੇ ਮੈਨੇਜਰ ਸਮੇਤ ਕੁਝ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਹੈ। ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੰਡਸਟਰੀ ਦੇ ਮਾਲਕ ਨੂੰ ਫੜਨ ਲਈ ਟੀਮਾਂ ਰਵਾਨਾ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ- 'ਥੋੜ੍ਹੀ ਸੀ ਤੋਂ ਪੀ ਹੈ...' ਆਪਣੇ ਹੀ ਵਿਆਹ 'ਚ ਲਾੜਾ ਹੋ ਗਿਆ ਟਲੀ, ਬਿਨਾਂ ਲਾੜੀ ਦੇ ਪਰਤੀ ਬਰਾਤ
ਜਾਂਚ ਲਈ ਉੱਚ ਪੱਧਰੀ ਐੱਸ. ਆਈ. ਟੀ. ਗਠਿਤ
ਘਟਨਾ ਵਾਲੀ ਥਾਂ ’ਤੇ ਮੌਜੂਦ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਫੈਕਟਰੀ ਵਿਚ 80 ਨਹੀਂ ਸਗੋਂ 200 ਦੇ ਕਰੀਬ ਕਾਮੇ ਸਨ। ਬਾਕੀ ਸਭ ਠੇਕੇਦਾਰ ਦੇ ਲੋਕ ਸਨ, ਜਿਨ੍ਹਾਂ ਦਾ ਹਿਸਾਬ ਠੇਕਦਾਰ ਕੋਲ ਹੀ ਰਹਿੰਦਾ ਹੈ। ਠੇਕੇਦਾਰ ਇੱਥੋਂ ਗਾਇਬ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਤਾਇਨਾਤ ਠੇਕੇਦਾਰ ਨਾਬਾਲਗ ਬੱਚਿਆਂ ਨੂੰ ਇੱਥੇ ਲਿਆਉਂਦੇ ਸਨ ਅਤੇ ਉਨ੍ਹਾਂ ਕੋਲੋਂ ਕੰਮ ਕਰਵਾਉਂਦੇ ਸਨ। ਘਟਨਾ ਦੀ ਜਾਂਚ ਲਈ ਹਿਮਾਚਲ ਪੁਲਸ ਨੇ ਉੱਚ ਪੱਧਰੀ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਐੱਸ. ਆਈ. ਟੀ. ਵਿਚ ਏ. ਐੱਸ. ਪੀ. ਬੱਦੀ ਅਸ਼ੋਕ ਸ਼ਰਮਾ, ਐੱਸ. ਡੀ. ਪੀ. ਬੱਦੀ ਖਜ਼ਾਨਾ ਰਾਮ ਅਤੇ ਬਰੋਟੀਵਾਲਾ ਥਾਣਾ ਮੁਖੀ ਸਬ ਇੰਸਪੈਕਟਰ ਸੰਜੇ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ
ਡੀ. ਜੀ. ਪੀ. ਸੰਜੇ ਕੁੰਡੂ ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਮੌਜੂਦਾ ਸਮੇਂ ਵਿਚ ਘਟਨਾ ਵਾਲੀ ਥਾਂ ਦੀ ਬੁਨਿਆਦੀ ਸੁਰੱਖਿਆ ਦਾ ਮੁਲਾਂਕਣ ਕਰ ਰਹੀ ਹੈ ਅਤੇ ਇਸ ਨੂੰ ਕਾਰਬਨ ਮੋਨੋਆਕਸਾਈਡ, ਹਾਈਡ੍ਰੋਜਨ ਸਲਫਾਈਡ ਅਤੇ ਸਲਫਰ ਡਾਇਆਕਸਾਈਡ ਵਰਗੀਆਂ ਖਤਰਨਾਕ ਗੈਸਾਂ ਤੋਂ ਮੁਕਤ ਕਰਨ ਲਈ ਕੰਮ ਕਰ ਰਹੀ ਹੈ। ਮਨਜ਼ੂਰੀ ਤੋਂ ਬਾਅਦ ਐੱਫ. ਐੱਸ. ਐੱਲ. ਦੀ ਇਕ ਟੀਮ ਘਟਨਾ ਵਾਲੀ ਥਾਂ ਦਾ ਨਿਰੀਖਣ ਕਰੇਗੀ ਅਤੇ ਜ਼ਰੂਰੀ ਸਬੂਤ ਇਕੱਠੇ ਕਰੇਗੀ। ਉਨ੍ਹਾਂ ਨੇ ਅੱਗ ਦੀ ਗੁੰਝਲਦਾਰ ਪ੍ਰਕਿਰਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਤੋਂ ਭਾਰਤ ਸਰਕਾਰ ਦੀ ਕੇਂਦਰੀ ਫੋਰੈਂਸਿਕ ਵਿਗਿਆਨ ਟੀਮ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿਚ ਬਣਾਈ ਗਈ ਐੱਸ. ਆਈ. ਟੀ. ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਸਬੂਤ ਜੁਟਾਏਗੀ ਅਤੇ ਘਟਨਾ ਦੀ ਵਿਆਪਕ ਜਾਂਚ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8