ਹਿਮਾਚਲ ਦੇ CM ਸੁੱਖੂ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਕੇਂਦਰ ਤੋਂ ਮੰਗੇ 1 ਹਜ਼ਾਰ ਕਰੋੜ
Wednesday, May 31, 2023 - 05:50 PM (IST)
ਸ਼ਿਮਲਾ (ਭਾਸ਼ਾ)- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕੇਂਦਰ ਸਰਕਾਰ ਤੋਂ ਮੰਡੀ ਜ਼ਿਲ੍ਹੇ 'ਚ ਨਵੇਂ ਹਵਾਈ ਅੱਡੇ ਲਈ 1000 ਕਰੋੜ ਰੁਪਏ ਅਤੇ ਕਾਂਗੜਾ ਹਵਾਈ ਅੱਡੇ ਦੇ ਵਿਸਥਾਰ ਲਈ 400 ਕਰੋੜ ਰੁਪਏ ਦੇਣ ਦੀ ਅਪੀਲ ਕੀਤੀ। ਅਧਿਕਾਰਤ ਬਿਆਨ ਅਨੁਸਾਰ ਮੁੱਖ ਮੰਤਰੀ ਮੰਗਲਵਾਰ ਸ਼ਾਮ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰ ਕੇ 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਹਵਾਈ ਅੱਡਾ ਪ੍ਰਾਜੈਕਟਾਂ ਲਈ ਫੰਡ ਜਾਰੀ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਬਾਹਰੀ ਮਦਦ ਪ੍ਰਾਪਤ ਪ੍ਰਾਜੈਕਟਾਂ ਦੇ ਅਧੀਨ ਨਵੇਂ ਕਰਜ਼ਿਆਂ ਨੂੰ ਸੀਮਿਤ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਨਾਲ ਵੱਖ-ਵੱਖ ਖੇਤਰਾਂ ਦੇ ਵਿਕਾਸ 'ਚ ਮਦਦ ਮਿਲੇਗੀ।'' ਰਾਸ਼ਟਰੀ ਸੁਰੱਖਿਆ ਦੇ ਮਹੱਤਵ ਨੂੰ ਦੇਖਦੇ ਹੋਏ ਮੁੱਖ ਮੰਤਰੀ ਸੁੱਖੂ ਨੇ ਭਾਨੁਪਾਲੀ-ਬਿਲਾਸਪੁਰ-ਲੇਹ ਰੇਲ ਪ੍ਰਾਜੈਕਟ ਨੂੰ 100 ਫੀਸਦੀ ਕੇਂਦਰੀ ਵਿੱਤ ਪੋਸ਼ਿਤ ਐਲਾਨ ਕਰਨ ਜਾਂ ਬੇਰੀ ਤੱਕ ਦੇ ਵਿਸਥਾਰ ਲਈ ਮਾਲੀਆ-ਸਾਂਝਾਕਰਨ ਤੰਤਰ ਦੀਆਂ ਸੰਭਾਵਨਾਵਾਂ ਲੱਭਣ ਦੀ ਅਪੀਲ ਕੀਤੀ।