ਸ਼ਹੀਦ ਕੁਲਭੂਸ਼ਣ ਸ਼ੌਰਿਆ ਚੱਕਰ ਨਾਲ ਸਨਮਾਨਿਤ, ਰਾਸ਼ਟਰਪਤੀ ਤੋਂ ਮਾਂ ਅਤੇ ਪਤਨੀ ਨੇ ਲਿਆ ਸਨਮਾਨ

Saturday, Jul 06, 2024 - 01:54 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੀ ਤਹਿਸੀਲ ਕੁਪਵੀ ਦੇ ਪਿੰਡ ਗੌਂਠ ਦੇ ਸ਼ਹੀਦ ਰਾਈਫਲਮੈਨ ਕੁਲਭੂਸ਼ਣ ਮੰਟਾ ਨੂੰ ਮਰਨ ਉਪਰੰਤ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਦਿੱਲੀ ਵਿਚ ਸ਼ਹੀਦ ਦੀ ਮਾਤਾ ਦੁਰਮਾ ਦੇਵੀ ਅਤੇ ਪਤਨੀ ਨੀਤੂ ਨੂੰ ਇਹ ਸਨਮਾਨ ਭੇਟ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਸ਼ਹੀਦ ਰਾਈਫਲਮੈਨ ਕੁਲਭੂਸ਼ਣ ਮੰਟਾ ਦਾ ਨਾਂ ਬੋਲਿਆ ਗਿਆ ਤਾਂ ਮਾਤਾ ਦੁਰਮਾ ਦੇਵੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਇਸ ਦੌਰਾਨ ਸ਼ਹੀਦ ਦੀ ਪਤਨੀ ਨੀਤੂ ਵੀ ਨਿਸ਼ਬਦ ਖੜ੍ਹੀ ਰਹੀ।

 

ਦੱਸ ਦੇਈਏ ਕਿ ਕੁਲਭੂਸ਼ਣ 52 ਰਾਸ਼ਟਰੀ ਰਾਈਫਲਜ਼ ਦੇ ਜਵਾਨ ਸਨ। ਉਹ ਸਾਲ 2014 ਵਿਚ ਫੌਜ 'ਚ ਭਰਤੀ ਹੋਏ ਸਨ। ਅਕਤੂਬਰ 2022 ਵਿਚ ਬਾਰਾਮੂਲਾ 'ਚ ਇਕ ਆਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਇਕ ਮੁਕਾਬਲੇ ਦੌਰਾਨ ਰਾਈਫਲਮੈਨ ਕੁਲਭੂਸ਼ਣ ਮੰਟਾ ਨੇ ਗੋਲੀ ਲੱਗਣ ਦੇ ਬਾਵਜੂਦ ਇਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਸੀ। ਉਹ 27 ਅਕਤੂਬਰ ਨੂੰ ਸ਼ਹੀਦ ਹੋ ਗਏ ਸਨ। ਕੁਲਭੂਸ਼ਣ ਇਕ ਬਹਾਦਰ ਅਤੇ ਵਚਨਬੱਧ ਜਵਾਨ ਸਨ, ਜਿਨ੍ਹਾਂ ਨੇ 26 ਸਾਲ ਦੀ ਉਮਰ ਵਿਚ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੁਲਭੂਸ਼ਣ ਨੂੰ ਉਨ੍ਹਾਂ ਦੀ ਸ਼ਲਾਘਾਯੋਗ ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ 15 ਅਗਸਤ, 2023 ਨੂੰ (ਮਰਨ ਉਪਰੰਤ) ਬਹਾਦਰੀ ਪੁਰਸਕਾਰ ਅਤੇ ਹੁਣ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।


Tanu

Content Editor

Related News