ਮਥੁਰਾ ’ਚ ਹਾਈ-ਟੈਂਸ਼ਨ ਤਾਰ ਡਿੱਗਣ ਪਿੱਛੋਂ ਕਾਰ ਨੂੰ ਲੱਗੀ ਅੱਗ, ਨੌਜਵਾਨ ਜ਼ਿੰਦਾ ਸੜਿਆ
Saturday, Oct 18, 2025 - 11:44 PM (IST)

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਮਾਂਟ ਥਾਣਾ ਖੇਤਰ ’ਚ ਸ਼ਨੀਵਾਰ ਹਾਈ-ਟੈਂਸ਼ਨ ਤਾਰ ਡਿੱਗਣ ਪਿੱਛੋਂ ਸੀ. ਐੱਨ. ਜੀ. ਨਾਲ ਚੱਲਣ ਵਾਲੀ ਇਕ ਕਾਰ ਨੂੰ ਅੱਗ ਲੱਗ ਗਈ। ਕਾਰ ’ਚ ਸਵਾਰ ਇਕ ਨੌਜਵਾਨ ਅੰਕਿਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਾਂਟ ਥਾਣਾ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਅੰਕਿਤ (25) ਆਪਣੀ ਕਾਰ ਕਾਹੀਂ ਮਾਂਟ-ਰਾਇਆ ਸੜਕ ’ਤੇ ਜਾ ਰਿਹਾ ਸੀ ਕਿ ਇਕ ਹਾਈ-ਟੈਂਸ਼ਨ ਤਾਰ ਟੁੱਟ ਕੇ ਕਾਰ ’ਤੇ ਡਿੱਗ ਗਈ, ਜਿਸ ਕਾਰਨ ਭਿਅਾਨਕ ਅੱਗ ਲੱਗ ਗਈ ਤੇ ਅੰਕਿਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕਾਰ ਸੀ. ਐੱਨ. ਜੀ. ਗੈਸ ਨਾਲ ਚੱਲਣ ਵਾਲੀ ਸੀ, ਇਸ ਲਈ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਦੇ ਮੌਕੇ ’ਤੇ ਪਹੁੰਚਣ ਤਕ ਅੰਕਿਤ ਦੀ ਮੌਤ ਹੋ ਚੁਕੀ ਸੀ।
ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੰਕਿਤ ਦਾ ਸਿਰਫ਼ 5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਉਹ ਦਾਜ ’ਚ ਮਿਲੀ ਕਾਰ ਨੂੰ ਟੈਕਸੀ ਵਜੋਂ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਘਟਨਾ ਤੋਂ ਬਾਅਦ ਉਸ ਦੀ ਪਤਨੀ ਬੇਹੋਸ਼ ਹੋ ਗਈ । ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।