ਨਾਜਾਇਜ਼ ਸਬੰਧਾਂ ਕਾਰਨ ਪਤੀ ਖੁਦਕੁਸ਼ੀ ਕਰੇ ਤਾਂ ਪਤਨੀ ਜ਼ਿੰਮੇਵਾਰ ਨਹੀਂ : ਹਾਈ ਕੋਰਟ
Sunday, Nov 10, 2024 - 01:04 AM (IST)

ਬੈਂਗਲੁਰੂ- ਕਰਨਾਟਕ ਹਾਈ ਕੋਰਟ ਨੇ ਕੁਝ ਸਮਾ ਪਹਿਲਾਂ ਇਕ ਹੇਠਲੀ ਅਦਾਲਤ ਵੱਲੋਂ ਦਿੱਤੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ’ਚ ਪਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਪਤਨੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਪਤਨੀ ਦੇ ਸਾਥੀ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ।
ਫੈਸਲਾ ਸੁਣਾਉਂਦੇ ਹੋਏ ਜਸਟਿਸ ਸ਼ਿਵਸ਼ੰਕਰ ਅਮਰਨਾਵਰ ਨੇ ਕਿਹਾ ਕਿ ਸਹਿ-ਮੁਲਜ਼ਮ ਨਾਲ ਨਾਜਾਇਜ਼ ਸਬੰਧਾਂ ਕਾਰਨ ਔਰਤ ਦੇ ਪਤੀ ਦੀ ਖੁਦਕੁਸ਼ੀ ਪਤਨੀ ਨੂੰ ਆਈ. ਪੀ. ਸੀ. ਦੀ ਧਾਰਾ 306 ਅਧੀਨ ਖੁਦਕੁਸ਼ੀ ਲਈ ਉਕਸਾਉਣ ਦੇ ਅਪਰਾਧ ਲਈ ਦੋਸ਼ੀ ਠਹਿਰਾਉਣ ਲਈ ਕਾਫੀ ਆਧਾਰ ਨਹੀਂ।
ਅਦਾਲਤ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਬੂਤ ਇਹ ਸਾਬਤ ਨਹੀਂ ਕਰ ਦੇ ਕਿ ਪਤਨੀ ਨੇ ਖੁਦਕੁਸ਼ੀ ਲਈ ਉਕਸਾਇਆ ਸੀ। ਅਦਾਲਤ ਨੇ ਪਟੀਸ਼ਨਕਰਤਾ ਪ੍ਰੇਮਾ ਤੇ ਬਸਾਵਲਿੰਗੇ ਗੌੜਾ ਨੂੰ ਦੋਸ਼ੀ ਠਹਿਰਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੇ ਦੋਵਾਂ ਨੂੰ ਬਰੀ ਕਰ ਦਿੱਤਾ।