ਸੰਦੇਸ਼ਖਾਲੀ ਮਾਮਲੇ ’ਚ HC ਨੇ ਬੰਗਾਲ ਸਰਕਾਰ ਨੂੰ ਪਾਈ ਝਾੜ, ਸ਼ਾਹਜਹਾਂ ਸਮੱਸਿਆ ਦੀ ਜੜ੍ਹ, ਉਹ ਕਿਉਂ ਨਹੀਂ ਫੜਿਆ ਗਿਆ?
Tuesday, Feb 20, 2024 - 06:28 PM (IST)
ਕੋਲਕਾਤਾ, (ਇੰਟ.)- ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮੰਗਲਵਾਰ ਸੰਦੇਸ਼ਖਲੀ ਮਾਮਲੇ ਨੂੰ ਲੈ ਕੇ ਬੰਗਾਲ ਸਰਕਾਰ ਨੂੰ ਝਾੜ ਪਾਈ। ਅਦਾਲਤ ਨੇ ਕਿਹਾ ਕਿ ਮੁਢਲੇ ਤੌਰ ’ਤੇ ਇਹ ਸਪੱਸ਼ਟ ਹੈ ਕਿ ਟੀ. ਐੱਮ. ਸੀ. ਦੇ ਨੇਤਾ ਸ਼ਾਹਜਹਾਂ ਨੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ। ਜਬਰ-ਜ਼ਨਾਹ ਅਤੇ ਜ਼ਮੀਨ ਹੜੱਪਣ ਦਾ ਮੁਲ਼ਜਮ ਸ਼ਾਹਜਹਾਂ ਪੁਲਸ ਦੀ ਪਹੁੰਚ ਤੋਂ ਬਾਹਰ ਜਾਪਦਾ ਹੈ।
ਹਾਈ ਕੋਰਟ ਦੇ ਚੀਫ਼ ਜਸਟਿਸ ਟੀ. ਐੱਸ. ਸ਼ਿਵਗਨਮ ਅਤੇ ਜਸਟਿਸ ਹੀਰਨਮੋਏ ਭੱਟਾਚਾਰੀਆ ਦੀ ਬੈਂਚ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਮੱਸਿਆ ਦੀ ਜੜ੍ਹ ਵਿਅਕਤੀ ਨੂੰ ਅਜੇ ਤੱਕ ਫੜਿਆ ਨਹੀਂ ਗਿਆ। ਜੇ ਉਸ ’ਤੇ ਹਜ਼ਾਰਾਂ ਝੂਠੇ ਦੋਸ਼ ਹਨ ਪਰ ਉਨ੍ਹਾਂ 'ਚੋਂ ਇਕ ਵੀ ਸੱਚ ਹੈ ਤਾਂ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ ।
ਅਦਾਲਤ ਦੀ ਆਗਿਆ ਪਿੱਛੋਂ ਸ਼ੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਪਹੁੰਚੇ
ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਹੁਕਮਾਂ ਪਿੱਛੋਂ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਮੰਗਲਵਾਰ ਸੰਦੇਸ਼ਖਾਲੀ ਪਹੁੰਚੇ। ਉਨ੍ਹਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੰਦੇ ਹੋਏ ਡਿਵੀਜ਼ਨ ਬੈਂਚ ਨੇ ਇਹ ਸ਼ਰਤ ਰੱਖੀ ਕਿ ਸ਼ੁਭੇਂਦੂ ਦੇ ਨਾਲ ਹਿੰਸਾ ਪ੍ਰਭਾਵਿਤ ਖੇਤਰ ਵਿਚ ਸਿਰਫ਼ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਹੀ ਜਾਣਗੇ।
ਸੋਮਵਾਰ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਨ੍ਹਾਂ ਨੂੰ ਸੰਦੇਸ਼ਖਾਲੀ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਵਿਰੁੱਧ ਬੰਗਾਲ ਸਰਕਾਰ ਡਿਵੀਜ਼ਨ ਬੈਂਚ ਕੋਲ ਗਈ ਸੀ ਪਰ ਡਿਵੀਜ਼ਨ ਬੈਂਚ ਨੇ ਸਰਕਾਰ ਦੀ ਗੱਲ ਨਹੀਂ ਮੰਨੀ।