ਹਾਈ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ DGP ਅਤੇ SP ਨੂੰ ਹਟਾਉਣ ਦੇ ਦਿੱਤੇ ਹੁਕਮ
Wednesday, Dec 27, 2023 - 12:11 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਨੂੰ ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਅਤੇ ਕਾਂਗੜਾ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਨੂੰ ਹਟਾਉਣ ਦਾ ਹੁਕਮ ਦਿੱਤਾ ਤਾਂ ਕਿ ਉਹ ਇਕ ਵਪਾਰੀ ਦੀ ਜਾਨ ਨੂੰ ਖ਼ਤਰੇ ਸਬੰਧੀ ਸ਼ਿਕਾਇਤ ਦੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਅਦਾਲਤ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਕਿ ਉਹ ਇਸ ਮਾਮਲੇ ’ਚ ‘ਅਸਾਧਾਰਨ ਹਾਲਾਤਾਂ’ ਕਾਰਨ ਦਖ਼ਲ ਦੇ ਰਹੀ ਹੈ, ਖਾਸ ਤੌਰ ’ਤੇ ਉਦੋਂ, ਜਦੋਂ ਜਵਾਬਦੇਹ ਗ੍ਰਹਿ ਸਕੱਤਰ ਨੇ ਮਾਮਲੇ ’ਚ ਪੇਸ਼ ਸਮੱਗਰੀ ਤੋਂ ਅੱਖਾਂ ਬੰਦ ਕਰ ਲਈਆਂ।
ਪਾਲਮਪੁਰ ਦੇ ਕਾਰੋਬਾਰੀ ਨਿਸ਼ਾਂਤ ਸ਼ਰਮਾ ਨੇ 28 ਅਕਤੂਬਰ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਉਸ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਜਾਇਦਾਦ ਨੂੰ ਖ਼ਤਰੇ ਦਾ ਦੋਸ਼ ਲਾਇਆ ਹੈ। ਸ਼ਰਮਾ ਨੇ ਡੀ. ਜੀ. ਪੀ. ਸੰਜੇ ਕੁੰਡੂ ਦੀ ਭੂਮਿਕਾ ’ਤੇ ਵੀ ਸਵਾਲ ਉਠਾਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਸ਼ਿਮਲਾ ਆਉਣ ਲਈ ਕਿਹਾ ਸੀ। ਚੀਫ਼ ਜਸਟਿਸ ਐੱਮ.ਐੱਸ. ਰਾਮਚੰਦਰ ਰਾਵ ਅਤੇ ਜੱਜ ਜਯੋਤਸਨਾ ਰੇਵਾਲ ਦੁਆ ਦੀ ਬੈਂਚ ਨੇ ਕਿਹਾ,''ਉਨ੍ਹਾਂ (ਡੀ.ਜੀ.ਪੀ. ਅਤੇ ਕਾਂਗੜਾ ਦੇ ਐੱਸ.ਪੀ.) ਨੂੰ ਹੋਰ ਅਹੁਦਿਆਂ 'ਤੇ ਟਰਾਂਸਫੋਰ ਕਰੋ, ਜਿੱਥੇ ਉਨ੍ਹਾਂ ਨੂੰ ਮਾਮਲੇ 'ਚ ਜਾਂਚ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।''
ਆਦੇਸ਼ 'ਚ ਕਿਹਾ ਗਿਆ ਹੈ,''ਇਸ ਮਾਮਲੇ 'ਚ ਹੁਣ ਤੱਕ ਸਾਡੇ ਕੋਲ ਉਪਲੱਬਧ ਸਮੱਗਰੀ ਦੇ ਆਲੋਕ 'ਚ, ਅਸੀਂ ਸੰਤੁਸ਼ਟ ਹਾਂ ਕਿ ਮਾਮਲੇ 'ਚ ਦਖ਼ਲਅੰਦਾਜੀ ਕਰਨ ਲਈ ਅਸਾਧਾਰਨ ਹਾਲਾਤ ਮੌਜੂਦ ਹਨ, ਖ਼ਾਸ ਕਰ ਕੇ ਉਦੋਂ ਜਦੋਂ ਜਵਾਬਦੇਹ ਗ੍ਰਹਿ ਸਕੱਤਰ ਨੇ ਉਕਤ ਸਮੱਗਰੀ 'ਤੇ ਅੱਖਾਂ ਬੰਦ ਕਰ ਲਈਆਂ।'' ਅਦਾਲਤ ਨੇ ਕਿਹਾ ਕਿ ਐੱਸ.ਪੀ., ਕਾਂਗੜਾ ਨੇ ਸ਼ਿਕਾਇਤਕਰਤਾ ਤੋਂ 28 ਅਕਤੂਬਰ ਨੂੰ ਇਕ ਈ-ਮੇਲ ਦੇ ਮਾਧਿਅਮ ਨਾਲ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਜਾਂਚ 'ਚ ਬਹੁਤ ਘੱਟ ਤਰੱਕੀ ਦਿਖਾਈ। ਇਸ ਤੋਂ ਪਹਿਲਾਂ, 10 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਕਾਰੋਬਾਰੀ ਦੀ ਸ਼ਿਕਾਇਤ 'ਤੇ ਖ਼ੁਦ ਨੋਟਿਸ ਲੈਂਦੇ ਹੋਏ ਸ਼ਿਮਲਾ ਅਤੇ ਕਾਂਗੜਾ ਦੇ ਐੱਸ.ਪੀ. ਨੂੰ ਸ਼ਿਕਾਇਤ ਦੇ ਸੰਬੰਧ ਅਦਾਲਤ 'ਚ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8