ਮੁੰਬਈ ਨੇੜੇ ਲਾਵਾਰਸ ਕੰਟੇਨਰ ਤੋਂ 362.59 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Saturday, Jul 16, 2022 - 02:01 PM (IST)

ਮੁੰਬਈ ਨੇੜੇ ਲਾਵਾਰਸ ਕੰਟੇਨਰ ਤੋਂ 362.59 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਮੁੰਬਈ (ਭਾਸ਼ਾ)- ਨਵੀਂ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਲਾਵਾਰਸ ਨੌਵਹਿਨ ਕੰਟੇਨਰ ਤੋਂ ਵੱਡੀ ਮਾਤਰਾ 'ਚ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 362.59 ਕਰੋੜ ਰੁਪਏ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੁਬਈ ਤੋਂ ਲਿਆਂਦਾ ਗਿਆ ਕੰਟੇਨਰ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਕਸਬੇ 'ਚ ਇਕ ਯਾਰਡ 'ਚ ਪਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੁਰੂ 'ਚ ਇਹ ਸ਼ੱਕ ਸੀ ਕਿ ਜ਼ਬਤ ਕੀਤਾ ਗਿਆ ਨਸ਼ੀਲਾ ਪਦਾਰਥ ਮੋਰਫਿਨ ਸੀ ਪਰ ਬਾਅਦ ਵਿਚ ਇਹ ਹੈਰੋਇਨ ਪਾਈ ਗਈ। ਅਧਿਕਾਰੀ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ 168 ਪੈਕੇਟ ਡੱਬੇ ਦੇ ਦਰਵਾਜ਼ੇ ਵਿਚ ਲੁਕੋ ਕੇ ਰੱਖੇ ਗਏ ਸਨ ਅਤੇ ਇਨ੍ਹਾਂ ਦਾ ਭਾਰ 72.518 ਕਿਲੋ ਸੀ।

ਇਹ ਵੀ ਪੜ੍ਹੋ : ਦਿੱਲੀ 'ਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਇਕ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬਰਾਂਚ ਨੇ ਵੀਰਵਾਰ ਨੂੰ ਪਨਵੇਲ ਦੇ ਅਜਵਾਲੀ ਪਿੰਡ 'ਚ ਇਕ ਨਿੱਜੀ ਕੰਪਨੀ ਦੇ ਕੰਪਲੈਕਸ 'ਚ ਛਾਪਾ ਮਾਰਿਆ। ਉੱਥੇ ਕੰਟੇਨਰ ਲਾਵਾਰਸ ਪਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ ਤੋਂ ਵੀ ਨਸ਼ੀਲੇ ਪਦਾਰਥ ਦੀ ਖੇਪ ਦੀ ਸੰਭਾਵਿਤ ਆਵਾਜਾਈ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਖੇਪ ਦੁਬਈ ਤੋਂ ਨਾਵਾ ਸ਼ਿਵਾ ਬੰਦਰਗਾਹ 'ਤੇ ਉਤਰੀ ਸੀ ਅਤੇ ਇਹ ਮੁੰਬਈ ਰਸਤੇ ਪੰਜਾਬ ਲਿਆਈ ਜਾਣੀ ਸੀ। ਨਵੀਂ ਮੁੰਬਈ ਦੇ ਪੁਲਸ ਕਮਿਸ਼ਨਰ ਬਿਪਿਨ ਕੁਮਾਰ ਸਿੰਘ ਨੇ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਕੰਟੇਨਰ ਦੇ ਧਾਤੂ ਦੇ ਦਰਵਾਜ਼ੇ ਦੇ ਢਾਂਚੇ 'ਚ ਕੁਝ ਵਿਗਾੜ ਦੇਖਿਆ ਗਿਆ ਸੀ, ਜਿਸ ਤੋਂ ਸ਼ੱਕ ਹੋਇਆ ਕਿ ਇਸ 'ਚ ਨਸ਼ੀਲਾ ਪਦਾਰਥ ਲੁਕਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਰਵਾਜ਼ੇ ਦੇ ਢਾਂਚੇ ਅਤੇ ਹੋਰ ਢਾਂਚਿਆਂ ਨੂੰ ਉਪਕਰਣਾਂ ਨਾਲ ਕੱਟ ਕੇ ਖੋਲ੍ਹਿਆ ਗਿਆ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪੁਲਸ ਨੇ ਕਿਹਾ ਕਿ ਹੈਰੋਇਨ ਜ਼ਬਤ ਕਰ ਲਈ ਗਈ ਸੀ ਅਤੇ ਬਰਾਮਦ ਕਰਨ ਵਾਲੇ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ) ਦੀਆਂ ਸੰਬੰਧਤ ਧਾਰਾਵਾਂ ਅਧੀਨ ਪਨਵੇਲ ਤਾਲੁਕਾ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News