ਹੈਲੀਕਾਪਟਰ ਹਾਦਸਾ : ਸਟਾਲਿਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਲਿਖੀ ਚਿੱਠੀ
Friday, Dec 10, 2021 - 01:34 PM (IST)
ਚੇਨਈ (ਭਾਸ਼ਾ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਕੁਨੂੰਰ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਰੱਖਿਆ ਕਰਮੀਆਂ ਦੇ ਪਰਿਵਾਰਾਂ ਨੂੰ ਸ਼ੁੱਕਰਵਾਰ ਨੂੰ ਨਿੱਜੀ ਚਿੱਠੀ ਲਿਖ ਕੇ ਆਪਣੀਆਂ ਹਮਦਰਦੀ ਜ਼ਾਹਰ ਕੀਤੀ। ਸੂਬਾ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਵੱਖ-ਵੱਖ ਲਿਖੀਆਂ ਚਿੱਠੀਆਂ ’ਚ ਰੱਖਿਆ ਕਰਮੀਆਂ ਦੇ ਪਰਿਵਾਰਾਂ ਨੂੰ ਕਿਹਾ ਕਿ ਸਾਰੇ ਲੋਕ ਉਨ੍ਹਾਂ ਨਾਲ ਹਨ। ਤਾਮਿਲਨਾਡੂ ਦੇ ਕੁਨੂੰਰ ’ਚ ਬੁੱਧਵਾਰ ਨੂੰ ਐੱਮ.ਆਈ.17ਵੀ5 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਰੱਖਿਆ ਕਰਮੀਆਂ ਦੀ ਮੌਤ ਹੋ ਗਈ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਟਾਲਿਨ ਕੁਨੂੰਰ ਰਵਾਨਾ ਹੋਏ। ਉਨ੍ਹਾਂ ਨੇ ਵੀਰਵਾਰ ਨੂੰ ਮਰਹੂਮ ਲੋਕਾਂ ਨੂੰ ਫੁੱਲ ਭੇਟ ਕੀਤੇ। ਇਸ ’ਚ ਦੱਸਿਆ ਗਿਆ ਕਿ ਸੂਬਾ ਸਰਕਾਰ ਨੇ ਬਚਾਅ ਮੁਹਿੰਮ ਅਤੇ ਬਾਅਦ ’ਚ ਮ੍ਰਿਤਕਾਂ ਦੀਆਂ ਲਾਸ਼ਾਂ ਲਿਜਾਉਣ ਦੌਰਾਨ ਸਾਰੇ ਪ੍ਰਬੰਧ ਯਕੀਨੀ ਕੀਤੇ। ਮ੍ਰਿਤਕਾਂ ਦੀ ਮ੍ਰਿਤਕ ਦੇਹ ਬਾਅਦ ’ਚ ਕੋਇੰਬਟੂਰ ਤੋਂ ਦਿੱਲੀ ਲਿਜਾਈਆਂ ਗਈਆਂ ਸਨ। ਬਿਆਨ ’ਚ ਕਿਹਾ ਗਿਆ,‘‘ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਹਾਦਸੇ ਦਾ ਸ਼ਿਕਾਰ ਹੋਏ ਰੱਖਿਆ ਕਰਮੀਆਂ ਦੇ ਪਰਿਵਾਰਾਂ ਨੂੰ ਵਿਅਕਤੀਗਤ ਰੂਪ ਨਾਲ ਅੱਜ ਚਿੱਠੀ ਲਿਖ ਕੇ ਆਪਣੀ ਹਮਦਰਦੀ ਅਤੇ ਖੇਦ ਪ੍ਰਗਟ ਕੀਤਾ।’’ ਇਸ ’ਚ ਕਿਹਾ ਗਿਆ,‘‘ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਸਾਰੇ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਪੂਰਾ ਹੋਣ ਵਾਲਾ ਨਹੀਂ ਹੈ ਅਤੇ ਈਸ਼ਵਰ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਤੋਂ ਉਭਰਨ ਦੀ ਤਾਕਤ ਦੇਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ