ਬਦਰੀਨਾਥ ਧਾਮ, ਲਾਹੌਲ-ਸਪਿਤੀ ਤੇ ਅਟਲ ਸੁਰੰਗ ਵਿਖੇ ਭਾਰੀ ਬਰਫ਼ਬਾਰੀ; ਕੇਦਾਰਨਾਥ ’ਚ ਸੜਕ ’ਤੇ ਡਿੱਗੇ ਬਰਫ਼ ਦੇ ਤੋਦੇ
Thursday, May 04, 2023 - 05:13 AM (IST)

ਬਦਰੀਨਾਥ/ਸ਼ਿਮਲਾ (ਭਾਸ਼ਾ, ਬਿਉਰੋ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਵਿੱਚ ਬੁੱਧਵਾਰ ਦੁਪਹਿਰ ਵੇਲੇ ਭਾਰੀ ਬਰਫ਼ਬਾਰੀ ਹੋਈ। ਕੁਝ ਹੀ ਦੇਰ ਵਿਚ ਪੂਰੇ ਬਦਰੀਨਾਥ ਵਿਖੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ। ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਆਈ। ਸ਼ਰਧਾਲੂ ‘ਜੈ ਬਦਰੀ ਵਿਸ਼ਾਲ’ ਦਾ ਨਾਅਰਾ ਲਾਉਂਦੇ ਹੋਏ ਭਗਵਾਨ ਬਦਰੀਨਾਥ ਵਿਸ਼ਾਲ ਦੇ ਦਰਸ਼ਨ ਕਰਦੇ ਰਹੇ। ਬਦਰੀਨਾਥ ਵਿਚ ਪਿਛਲੇ 2 ਦਿਨਾਂ ਤੋਂ ਮੀਂਹ ਪੈ ਰਿਹਾ ਸੀ। ਬੁੱਧਵਾਰ ਨੂੰ ਲਗਭਗ 7000 ਸ਼ਰਧਾਲੂਆਂ ਨੇ ਭਗਵਾਨ ਬਦਰੀਨਾਥ ਦੇ ਦਰਸ਼ਨ ਕੀਤੇ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਬੈਂਕ ਦੇ ਮੁਖੀ ਵਜੋਂ ਭਾਰਤੀ ਮੂਲ ਦੇ ਸਿੱਖ ਅਜੇ ਬੰਗਾ ਦੇ ਨਾਂ 'ਤੇ ਲੱਗੀ ਮੋਹਰ, ਇਸ ਦਿਨ ਸੰਭਾਲਣਗੇ ਅਹੁਦਾ
ਇਸ ਦੌਰਾਨ ਕੇਦਾਰਨਾਥ ਪੈਦਲ ਮਾਰਗ ’ਤੇ ਬਰਫ ਦਾ ਤੋਦਾ ਆ ਡਿੱਗਾ ਜਿਸ ਕਾਰਨ ਸੜਕੀ ਆਵਾਜਾਈ ਲਈ ਬੰਦ ਹੋ ਗਈ। ਕੇਦਾਰਨਾਥ ਵਿਚ ਲਗਾਤਾਰ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਬੁੱਧਵਾਰ ਯਾਤਰਾ ਮੁਅੱਤਲ ਰਹੀ। ਧਾਮ ਵੱਲ ਜਾ ਰਹੇ ਸ਼ਰਧਾਲੂਆਂ ਨੂੰ ਰਿਸ਼ੀਕੇਸ਼, ਸ਼੍ਰੀਨਗਰ ਤੇ ਸੋਨਪ੍ਰਯਾਗ ਸਮੇਤ ਕਈ ਥਾਵਾਂ ’ਤੇ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ: ਮਿਸ ਕਾਲ ਨੇ ਤਬਾਹ ਕਰ ਦਿੱਤੀ ਨੌਜਵਾਨ ਦੀ ਜ਼ਿੰਦਗੀ, ਪਤਨੀ ਹੱਥੋਂ ਲੁਟਵਾ ਬੈਠਾ ਪੂਰਾ ਘਰ
ਦੂਜੇ ਪਾਸੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਹੋਰ ਇਲਾਕਿਆਂ ’ਚ ਬੁੱਧਵਾਰ ਵੀ ਭਾਰੀ ਮੀਂਹ ਪਿਆ। ਲਾਹੌਲ-ਸਪਿਤੀ ਜ਼ਿਲੇ ਦੀਆਂ ਉੱਚੀਆਂ ਚੋਟੀਆਂ ਅਤੇ ਕੁੱਲੂ ਜ਼ਿਲ੍ਹੇ ’ਚ ਅਟਲ ਸੁਰੰਗ ਦੇ ਆਸ-ਪਾਸ ਬਰਫਬਾਰੀ ਹੋਈ। ਸੂਬੇ ’ਚ ਕਈ ਥਾਈਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਾਪਮਾਨ ’ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਠੰਡ ਵੱਧ ਗਈ ਹੈ। ਲਾਹੌਲ-ਸਪਿਤੀ ਅਤੇ ਕਿਨੌਰ ਨੂੰ ਛੱਡ ਕੇ ਸੂਬੇ ਦੇ ਸਾਰੇ ਜ਼ਿਲਿਆਂ ’ਚ ਵੀਰਵਾਰ ਮੀਂਹ ਅਤੇ ਗੜੇਮਾਰੀ ਦੇ ਨਾਲ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।