ਓਡੀਸ਼ਾ ''ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਮਲਕਾਨਗਿਰੀ ''ਚ 7 ਹਜ਼ਾਰ ਤੋਂ ਵੱਧ ਲੋਕ ਹੋਏ ਪ੍ਰਭਾਵਿਤ

Monday, Jul 22, 2024 - 06:02 AM (IST)

ਭੁਵਨੇਸ਼ਵਰ (ਭਾਸ਼ਾ) : ਬੰਗਾਲ ਦੀ ਖਾੜੀ 'ਤੇ ਬਣੇ ਦਬਾਅ ਦੀ ਸਥਿਤੀ ਕਾਰਨ ਓਡੀਸ਼ਾ ਦੇ ਕਈ ਜ਼ਿਲ੍ਹੇ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਐਤਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ। 

ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮਲਕਾਨਗਿਰੀ ਜ਼ਿਲ੍ਹੇ 'ਚ 7,300 ਤੋਂ ਜ਼ਿਆਦਾ ਲੋਕ ਇਸ ਸਮੇਂ ਦੌਰਾਨ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਹੋਏ ਹਨ। ਬੰਗਾਲ ਦੀ ਖਾੜੀ 'ਤੇ ਬਣੇ ਦਬਾਅ ਦੇ ਪ੍ਰਭਾਵ ਹੇਠ ਨਬਰੰਗਪੁਰ, ਕੋਰਾਪੁਟ, ਖੁਰਦਾ, ਨਯਾਗੜ੍ਹ ਅਤੇ ਮਲਕਾਨਗਿਰੀ ਜ਼ਿਲ੍ਹਿਆਂ ਵਿਚ 19 ਜੁਲਾਈ ਨੂੰ ਭਾਰੀ ਬਾਰਿਸ਼ ਪਈ। ਇਸੇ ਤਰ੍ਹਾਂ 20 ਜੁਲਾਈ ਨੂੰ ਮਲਕਾਨਗਿਰੀ, ਕੋਰਾਪੁਟ, ਰਾਏਗੜਾ, ਗਜਪਤੀ ਅਤੇ ਨਬਰੰਗਪੁਰ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਈ, ਜਦੋਂਕਿ 21 ਜੁਲਾਈ ਨੂੰ ਨੌਪਾੜਾ, ਸੋਨਪੁਰ, ਬੋਧ, ਮਲਕਾਨਗਿਰੀ, ਬੋਲਾਂਗੀਰ ਅਤੇ ਅੰਗੁਲ ਵਿਚ ਭਾਰੀ ਬਾਰਿਸ਼ ਹੋਈ। 

 ਇਹ ਵੀ ਪੜ੍ਹੋ : ਮੁੰਬਈ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ; ਕਈ ਥਾਵਾਂ 'ਤੇ ਪਾਣੀ ਭਰਿਆ, 36 ਉਡਾਣਾਂ ਕੀਤੀਆਂ ਰੱਦ

ਵਿਸ਼ੇਸ਼ ਰਾਹਤ ਕਮਿਸ਼ਨਰ (ਐੱਸਆਰਸੀ) ਦੇ ਦਫ਼ਤਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਰੀ ਬਾਰਿਸ਼ ਕਾਰਨ ਮਲਕਾਨਗਿਰੀ ਜ਼ਿਲ੍ਹੇ ਵਿਚ ਕਈ ਸੜਕਾਂ ਅਤੇ ਪੁਲ ਪਾਣੀ ਵਿਚ ਡੁੱਬ ਗਏ ਹਨ। ਐੱਸਆਰਸੀ ਦਫ਼ਤਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ 111 ਪੰਚਾਇਤਾਂ ਦੇ 1,045 ਪਿੰਡ ਵੀ ਪ੍ਰਭਾਵਿਤ ਹੋਏ ਹਨ ਅਤੇ ਸਥਾਨਕ ਪ੍ਰਸ਼ਾਸਨ ਨੇ ਹੁਣ ਤੱਕ ਨੀਵੇਂ ਇਲਾਕਿਆਂ ਤੋਂ 121 ਲੋਕਾਂ ਨੂੰ ਸੁਰੱਖਿਅਤ ਪਨਾਹਗਾਹਾਂ ਵਿਚ ਪਹੁੰਚਾਇਆ ਹੈ। ਐੱਸਆਰਸੀ ਦਫ਼ਤਰ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਭੋਜਨ ਅਤੇ ਆਸਰਾ ਦੇਣ ਲਈ ਜ਼ਿਲ੍ਹਿਆਂ ਵਿਚ ਤਿੰਨ ਰਾਹਤ ਕੈਂਪ ਖੋਲ੍ਹੇ ਗਏ ਹਨ। ਐੱਸਆਰਸੀ ਨੇ ਮਲਕਾਨਗਿਰੀ ਜ਼ਿਲ੍ਹਾ ਮੈਜਿਸਟਰੇਟ ਨੂੰ ਪਾਣੀ ਦੇ ਘੱਟਣ ਤੱਕ ਪਾਣੀ ਵਿਚ ਡੁੱਬੀਆਂ ਸੜਕਾਂ ਅਤੇ ਪੁਲਾਂ 'ਤੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News