ਮੋਹਲੇਧਾਰ ਮੀਂਹ ਕਾਰਨ ਪਾਣੀ 'ਚ ਡੁੱਬਿਆ ਬੈਂਗਲੁਰੂ, ਜਨ-ਜੀਵਨ ਪ੍ਰਭਾਵਿਤ

Tuesday, Oct 22, 2024 - 03:54 PM (IST)

ਮੋਹਲੇਧਾਰ ਮੀਂਹ ਕਾਰਨ ਪਾਣੀ 'ਚ ਡੁੱਬਿਆ ਬੈਂਗਲੁਰੂ, ਜਨ-ਜੀਵਨ ਪ੍ਰਭਾਵਿਤ

ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਰਾਤ ਭਰ ਪਏ ਮੋਹਲੇਧਾਰ ਮੀਂਹ ਕਾਰਨ ਇੱਥੋਂ ਦੇ ਕਈ ਇਲਾਕੇ ਪਾਣੀ 'ਚ ਡੁੱਬ ਗਏ ਹਨ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਚੱਕਰਵਾਤੀ ਹਾਲਾਤਾਂ ਕਾਰਨ ਲਗਾਤਾਰ ਪੈ ਰਹੇ ਮੀਂਹ ਕਾਰਨ ਕੋਗਿਲੂ ਜੰਕਸ਼ਨ ਸਮੇਤ ਏਅਰ ਫੋਰਸ ਬੇਸ ਨੂੰ ਜਾਣ ਵਾਲੀ ਸਰਵਿਸ ਰੋਡ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਅਧਿਕਾਰੀ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਉੱਤਰ-ਪੂਰਬੀ ਬੈਂਗਲੁਰੂ ਟ੍ਰੈਫਿਕ ਪੁਲਸ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸੜਕਾਂ ’ਤੇ ਇੰਨਾ ਪਾਣੀ ਜਮ੍ਹਾਂ ਹੋ ਗਿਆ ਹੈ ਕਿ ਆਵਾਜਾਈ ਲਈ ਕਿਸ਼ਤੀਆਂ ਦੀ ਵਰਤੋਂ ਕਰਨੀ ਪੈ ਰਹੀ ਹੈ।

ਅੰਕੜਿਆਂ ਮੁਤਾਬਕ ਬੈਂਗਲੁਰੂ ਸ਼ਹਿਰੀ ਖੇਤਰ ਵਿਚ 157 ਮਿਲੀਮੀਟਰ ਤੱਕ ਮੀਂਹ ਪਿਆ, ਜਦੋਂ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ 176.5 ਮਿਲੀਮੀਟਰ ਮੀਂਹ ਪਿਆ। ਹੜ੍ਹ ਕਾਰਨ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 20 ਤੋਂ ਵੱਧ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ ਅਤੇ ਖਰਾਬ ਮੌਸਮ ਕਾਰਨ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਭਰ ਦੇ ਸਕੂਲਾਂ ਨੂੰ ਹਫ਼ਤੇ ਵਿਚ ਦੂਜੀ ਵਾਰ ਬੰਦ ਕਰਨਾ ਪਿਆ। ਅਧਿਕਾਰੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਮੌਸਮ ਅਧਿਕਾਰੀਆਂ ਨੇ ਮੀਂਹ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।


author

Tanu

Content Editor

Related News