ਰਿਹਾਇਸ਼ੀ ਇਲਾਕਿਆਂ ''ਚ ਜਾਨਵਰਾਂ ਦਾ ਬਸੇਰਾ, ਮੋਹਲੇਧਾਰ ਮੀਂਹ ਦਰਮਿਆਨ ਬਚਾਏ ਗਏ 24 ਮਗਰਮੱਛ

Sunday, Sep 01, 2024 - 10:33 AM (IST)

ਵਡੋਦਰਾ- ਗੁਜਰਾਤ ਦੇ ਵਡੋਦਰਾ ਸ਼ਹਿਰ 'ਚ 27 ਅਗਸਤ ਤੋਂ 29 ਅਗਸਤ ਦਰਮਿਆਨ ਪਏ ਮੋਹਲੇਧਾਰ ਮੀਂਹ ਕਾਰਨ ਵਿਸ਼ਵਾਮਿੱਤਰੀ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਅਤੇ ਕੁੱਲ 24 ਮਗਰਮੱਛ ਹੜ੍ਹ ਦੇ ਪਾਣੀ ਨਾਲ ਵਹਿ ਗਏ ਅਤੇ ਰਿਹਾਇਸ਼ੀ ਇਲਾਕਿਆਂ 'ਚ ਪਹੁੰਚ ਗਏ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਸਾਰੇ ਮਗਰਮੱਛਾਂ ਨੂੰ ਬਚਾ ਲਿਆ ਗਿਆ ਹੈ। ਵਡੋਦਰਾ ਰੇਂਜ ਦੇ ਜੰਗਲਾਤ ਅਧਿਕਾਰੀ ਕਰਨ ਸਿੰਘ ਰਾਜਪੂਤ ਮੁਤਾਬਕ ਵਿਸ਼ਵਾਮਿੱਤਰੀ ਨਦੀ 'ਚ ਲਗਭਗ 440 ਮਗਰਮੱਛ ਰਹਿੰਦੇ ਹਨ, ਜਿਨ੍ਹਾਂ 'ਚੋਂ ਬਹੁਤ ਸਾਰੇ ਅਜਵਾ ਡੈਮ ਤੋਂ ਪਾਣੀ ਛੱਡਣ ਕਾਰਨ ਆਏ ਹੜ੍ਹਾਂ ਦੌਰਾਨ ਵਹਿ ਕੇ ਰਿਹਾਇਸ਼ੀ ਖੇਤਰਾਂ 'ਚ ਪਹੁੰਚ ਜਾਂਦੇ ਹਨ।

ਰਾਜਪੂਤ ਨੇ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ 24 ਮਗਰਮੱਛਾਂ ਤੋਂ ਇਲਾਵਾ ਅਸੀਂ 75 ਹੋਰ ਜਾਨਵਰਾਂ ਨੂੰ ਵੀ ਬਚਾਇਆ ਹੈ, ਜਿਨ੍ਹਾਂ 'ਚ ਸੱਪ, ਕੋਬਰਾ, ਲਗਭਗ 40 ਕਿਲੋਗ੍ਰਾਮ ਵਜ਼ਨ ਵਾਲੇ ਪੰਜ ਵੱਡੇ ਕੱਛੂਏ ਸ਼ਾਮਲ ਹਨ। ਵਿਸ਼ਵਾਮਿੱਤਰੀ ਨਦੀ ਦੇ ਨੇੜੇ ਕਈ ਰਿਹਾਇਸ਼ੀ ਖੇਤਰ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਛੋਟਾ ਮਗਰਮੱਛ ਜਿਸ ਨੂੰ ਅਸੀਂ ਬਚਾਇਆ ਉਹ ਦੋ ਫੁੱਟ ਲੰਬਾ ਹੈ, ਜਦੋਂ ਕਿ ਸਭ ਤੋਂ ਵੱਡਾ ਮਗਰਮੱਛ 14 ਫੁੱਟ ਲੰਬਾ ਹੈ। ਇਸ ਨੂੰ ਵੀਰਵਾਰ ਨੂੰ ਨਦੀ ਦੇ ਕੰਢੇ ਸਥਿਤ ਕਾਮਨਾਥ ਨਗਰ ਤੋਂ ਫੜਿਆ ਗਿਆ ਸੀ। ਇਸ ਬਾਰੇ ਸਥਾਨਕ ਲੋਕਾਂ ਨੇ ਸਾਨੂੰ ਸੂਚਿਤ ਕੀਤਾ।

ਇਨ੍ਹਾਂ ਤੋਂ ਇਲਾਵਾ 11 ਫੁੱਟ ਲੰਬੇ ਦੋ ਹੋਰ ਮਗਰਮੱਛਾਂ ਨੂੰ ਵੀਰਵਾਰ ਨੂੰ ਈ. ਐਮ. ਈ ਸਰਕਲ ਅਤੇ ਐਮ. ਐਸ (ਮਨੋਮਨਨਿਅਮ ਸੁੰਦਰਨਾਰ) ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਨੇੜੇ ਖੁੱਲ੍ਹੇ ਖੇਤਰ ਤੋਂ ਬਚਾਇਆ ਗਿਆ ਸੀ। ਰਾਜਪੂਤ ਨੇ ਦੱਸਿਆ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਮੀਂਹ ਦੌਰਾਨ ਮਨੁੱਖ-ਮਗਰਮੱਛ ਦੇ ਟਕਰਾਅ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਗਰਮੱਛ ਆਮ ਤੌਰ 'ਤੇ ਇਨਸਾਨਾਂ 'ਤੇ ਹਮਲਾ ਨਹੀਂ ਕਰਦੇ। ਦਰਿਆ ਵਿਚ ਉਹ ਮੱਛੀਆਂ ਅਤੇ ਜਾਨਵਰਾਂ ਦੇ ਅਵਸ਼ੇਸ਼ ਖਾ ਕੇ ਜਿਊਂਦੇ ਰਹਿੰਦੇ। ਉਹ ਕੁੱਤੇ, ਸੂਰਾਂ ਅਤੇ ਹੋਰ ਛੋਟੇ ਜਾਨਵਰਾਂ ਨੂੰ ਵੀ ਮਾਰ ਕੇ ਖਾ ਸਕਦੇ ਹਨ। ਅਜਿਹੀ ਹੀ ਇਕ ਘਟਨਾ ਦਾ ਵੀਡੀਓ ਹਾਲ ਹੀ 'ਚ ਵਾਇਰਲ ਹੋਇਆ ਸੀ। ਰਾਜਪੂਤ ਨੇ ਦੱਸਿਆ ਕਿ ਵਿਸ਼ਵਾਮਿੱਤਰੀ ਨਦੀ ਦੇ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ, ਇਸ ਲਈ ਜਲਦੀ ਹੀ ਬਚਾਏ ਗਏ ਮਗਰਮੱਛ ਅਤੇ ਹੋਰ ਜਾਨਵਰਾਂ ਨੂੰ ਇਸ ਵਿਚ ਛੱਡ ਦਿੱਤਾ ਜਾਵੇਗਾ।


Tanu

Content Editor

Related News