ਹਿਮਾਚਲ ’ਚ ਮੋਹਲੇਧਾਰ ਮੀਂਹ ਕਾਰਨ ਕਈ ਥਾਈਂ ਧਸੀਆਂ ਜ਼ਮੀਨਾਂ, ਓਰੇਂਜ ਅਲਰਟ ਜਾਰੀ
Sunday, Aug 13, 2023 - 10:31 AM (IST)
ਸੋਲਨ/ਸ਼ਿਮਲਾ- ਲਗਾਤਾਰ ਪੈ ਰਹੇ ਮੀਂਹ ਕਾਰਨ ਹਿਮਾਚਲ ’ਚ ਕਈ ਥਾਈਂ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਕਈ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਮੋਹਲੇਧਾਰ ਮੀਂਹ ਪੈ ਸਕਦਾ ਹੈ। ਇਸ ਸਬੰਧੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਤੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਰਹੇਗਾ । 18 ਅਗਸਤ ਤੱਕ ਸੂਬੇ ’ਚ ਮੌਸਮ ਖਰਾਬ ਹੀ ਰਹੇਗਾ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ਤੋਂ ਸਿਰਫ਼ ਲੋੜ ਪੈਣ ’ਤੇ ਹੀ ਬਾਹਰ ਨਿਕਲਣ ਅਤੇ ਮੀਂਹ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ।
ਸੋਲਨ ਜ਼ਿਲ੍ਹੇ ਦੀ ਰਾਮਸ਼ਹਿਰ ਪੰਚਾਇਤ ਦੇ ਪਿੰਡ ਮਝੇਦ (ਬਾਲੀ) 'ਚ ਜ਼ਮੀਨ ਖਿਸਕਣ ਕਾਰਨ ਅੱਠ ਘਰਾਂ 'ਚ ਤਰੇੜਾਂ ਆ ਗਈਆਂ। ਪਿੰਡ ਖਾਲੀ ਕਰਵਾ ਲਿਆ ਗਿਆ ਹੈ। ਬਿਲਾਸਪੁਰ ਦੀ ਕੋਟਲੂ ਬ੍ਰਾਹਮਣਾ ਪੰਚਾਇਤ ਦੇ ਪਿੰਡ ਕੱਲਰ ’ਚ ਮੀਂਹ ਕਾਰਨ ਜ਼ਮੀਨ ਖਿਸਕ ਗਈ। ਪੰਚਾਇਤ ਵੱਲੋਂ ਸਬੰਧਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ। ਸੰਦੌੜ ਦੇ ਪਿੰਡ ਜੌਹਰੀ 'ਚ ਵੀ ਭਾਰੀ ਮੀਂਹ ਕਾਰਨ ਘਰ ਦੇ ਸਾਹਮਣੇ ਵਾਲੀ ਜ਼ਮੀਨ ਧੱਸ ਗਈ। ਕੁੱਲੂ ਜ਼ਿਲ੍ਹੇ ਦੇ ਢਾਲਪੁਰ ’ਚ ਗੌਸਦਾਨ ਨੇੜੇ ਜ਼ਮੀਨ ਦੇ ਖਿਸਕਣ ਕਾਰਨ ਦੋ ਮਕਾਨਾਂ ਦੇ ਢਹਿ ਜਾਣ ਦਾ ਖ਼ਤਰਾ ਹੈ। ਭਾਰੀ ਮੀਂਹ ਕਾਰਨ ਹੇਠਲੀ ਬਲਹ ਘਾਟੀ ਪਾਣੀ 'ਚ ਡੁੱਬ ਗਈ ਹੈ।
ਮਲਬੇ ਨਾਲ 50 ਫੁੱਟ ਹੇਠਾਂ ਦੱਬੀ ਗਈ ਬੱਸ, 12 ਜ਼ਖਮੀ
ਸੁੰਦਰਨਗਰ ਸਬ-ਡਿਵੀਜ਼ਨ ਅਧੀਨ ਸੁੰਦਰਨਗਰ-ਸ਼ਿਮਲਾ ਵਾਇਆ ਡੇਹਰਾ ਰੂਟ ’ਤੇ ਚੱਲਣ ਵਾਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਸੁੰਦਰਨਗਰ ਡਿਪੂ ਦੀ ਬੱਸ ਸਰੋਸ ਨੇੜੇ ਸੜਕ ਦੇ ਧੱਸ ਜਾਣ ਕਾਰਨ ਕਰੀਬ 50 ਫੁੱਟ ਹੇਠਾਂ ਮਲਬੇ ਸਮੇਤ ਦੱਬੀ ਗਈ। ਇਸ ਕਾਰਨ ਡਰਾਈਵਰ-ਕੰਡਕਟਰ ਸਮੇਤ 12 ਮੁਸਾਫਰ ਜ਼ਖਮੀ ਹੋ ਗਏ।