ਹਿਮਾਚਲ ''ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਬਿਜਲੀ ਉਤਪਾਦਨ ਠੱਪ

Wednesday, Aug 12, 2020 - 10:58 PM (IST)

ਹਿਮਾਚਲ ''ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਬਿਜਲੀ ਉਤਪਾਦਨ ਠੱਪ

ਸ਼ਿਮਲਾ/ਰਾਮਪੁਰ ਬੁਸ਼ਹਰ (ਯੂ. ਐੈੱਨ. ਆਈ., ਨੋਗਲ) : ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਕਿਨੌਰ ਜ਼ਿਲ੍ਹੇ 'ਚ 3 ਤੋਂ ਜ਼ਿਆਦਾ ਸਥਾਨਾਂ 'ਤੇ ਬੱਦਲ ਫਟਣ ਅਤੇ ਹੜ੍ਹ ਆਉਣ ਨਾਲ 4 ਪਣਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਕਿਨੌਰ ਜ਼ਿਲ੍ਹੇ ਨੂੰ ਜੋੜਣ ਵਾਲਾ ਰਾਸ਼ਟਰੀ ਰਾਜਮਾਰਗ ਸੰਖਿਆ-ਪੰਜ 2 ਸਥਾਨਾਂ 'ਤੇ ਬੰਦ ਹੋ ਗਿਆ ਹੈ। ਤੰਗਲਿੰਗ ਪੁਲ ਵੀ ਰੁੜ੍ਹ ਗਿਆ ਹੈ, ਜਿਸ ਨਾਲ ਸਕੀਬਾ ਤੇ ਨੇੜੇ ਦੀਆਂ ਲੱਗਭੱਗ 24 ਪੰਚਾਇਤਾਂ ਦਾ ਸੰਪਰਕ ਜ਼ਿਲ੍ਹਾ ਹੈੱਡਕੁਆਰਟਰ ਤੋਂ ਟੁੱਟ ਗਿਆ ਹੈ। 
ਬਾਰਿਸ਼ ਅਤੇ ਬੱਦਲ ਫਟਣ ਨਾਲ ਸੇਬ ਦੇ ਬਗੀਚਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਾਂਨਮ ਨਾਮ ਦੇ ਸਥਾਨ 'ਤੇ ਹੜ੍ਹ ਦੀ ਚਪੇਟ 'ਚ ਆਉਣ ਕਾਰਨ ਇਕ ਵਾਹਨ ਵੀ ਰੁੜ੍ਹ ਗਿਆ। ਜ਼ਿਲ੍ਹੇ ਦੇ ਉੱਪਰੀ ਖੇਤਰਾਂ ਕਾਂਨਮ, ਮੁਰੰਗ ਨਾਲਾ, ਤੰਗਲਿੰਗ ਅਤੇ ਸਾਂਗਲਾ ਘਾਟੀ ਦੇ ਟੋਂਗਚੋਂਗਚੇ ਨਾਲਾ 'ਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨਾਲ ਪਣਬਿਜਲੀ ਪ੍ਰਾਜੈਕਟਾਂ ਨੂੰ ਬੰਦ ਕਰਨਾ ਪਿਆ ਹੈ।
ਸਤਲੁਜ ਨਦੀ 'ਚ ਜ਼ਿਆਦਾ ਪਾਣੀ ਚੜ੍ਹਣ ਕਾਰਨ ਇੱਕ ਹਜ਼ਾਰ ਮੈਗਾਵਾਟ ਦੀ ਕਰਛਮ ਵਾਂਗਤੂ, ਬਾਸਪਾ ਨਦੀ 'ਤੇ ਬਣੇ 300 ਮੈਗਾਵਾਟ ਦੀ ਬਾਸਪਾ ਪਣਾਅ 2, ਸਤਲੁਜ ਨਦੀ 'ਤੇ ਬਣੇ 1500 ਮੈਗਾਵਾਟ ਦੀ ਨਾਥਪਾ ਝਾਕਡੀ ਤੇ 412 ਮੈਗਾਵਾਟ ਦੀ ਰਾਮਪੁਰ ਪਣਬਿਜਲੀ ਪ੍ਰਾਜੈਕਟਾਂ 'ਚ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਪਾਣੀ ਜ਼ਿਆਦਾ ਵਧਣ ਕਾਰਨ ਕਰਛਮ ਤੇ ਨਾਥਮਾ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਲਗਾਤਾਰ ਬਾਰਿਸ਼ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਨਾਲ ਸਤਲੁਜ ਨਦੀ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਨਦੀ ਦੇ ਨਾਲ ਲੱਗਦੇ ਇਲਕਿਆਂ ਨੂੰ ਸਾਵਧਾਨ ਕਰ ਦਿੱਤਾ ਹੈ।


author

Gurdeep Singh

Content Editor

Related News