ਕੋਰੋਨਾ ਨਾਲ ਜੰਗ ਲਈ ਲਾਕਡਾਊਨ ਜ਼ਰੂਰੀ, ਨਹੀਂ ਤਾਂ ਇਸ ਸਮੇਂ 2 ਲੱਖ ਹੁੰਦੇ ਮਾਮਲੇ : ਸਿਹਤ ਮੰਤਰਾਲਾ
Saturday, Apr 11, 2020 - 04:45 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਹੁਣ ਤਕ 7,447 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਦੇਸ਼ 'ਚ 24 ਘੰਟਿਆਂ ਵਿਚ 40 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਤੋਂ ਹੁਣ ਤਕ 239 ਮਰੀਜ਼ਾਂ ਦੀ ਮੌਤ ਹੋਈ ਅਤੇ 642 ਮਰੀਜ਼ ਠੀਕ ਵੀ ਹੋਏ ਹਨ। ਸਿਹਤ ਮੰਤਰਾਲਾ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਜਾਗਰੂਕਤਾ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ 586 ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲਾਂ 'ਚ 1 ਲੱਖ ਤੋਂ ਵਧਰੇ ਆਈਸੋਲੇਸ਼ਨ ਬੈੱਡ ਹਨ। ਏਮਜ਼ 'ਚ ਸਿਹਤ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।
ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਨਾਲ ਜੰਗ ਲਈ ਲਾਕਡਾਊਨ ਸਫਲ ਉਪਾਅ ਹੈ। ਜੇਕਰ ਅਸੀਂ ਕੋਈ ਉਪਾਅ ਨਾ ਕੀਤਾ ਹੁੰਦਾ ਤਾਂ ਇਸ ਸਮੇਂ 2 ਲੱਖ ਕੇਸ ਹੋ ਸਕਦੇ ਸਨ। ਹੁਣ ਤਕ ਦੇਸ਼ 'ਚ 1.70 ਲੱਖ ਸੈਂਪਲ ਟੈਸਟ ਕੀਤੇ ਗਏ ਹਨ। ਓਧਰ ਸਿਹਤ ਮੰਤਰਾਲਾ ਦੀ ਇਕ ਹੋਰ ਸੰਯੁਕਤ ਸਕੱਤਰ ਨੇ ਕਿਹਾ ਕਿ ਅੱਜ ਗ੍ਰਹਿ ਮੰਤਰਾਲਾ ਨੇ ਇਕ ਚਿੱਠੀ ਲਿਖ ਕੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਜ਼ਰੂਰਤ ਮੁਤਾਬਕ ਪੁਲਸ ਸੁਰੱਖਿਆ ਪ੍ਰਦਾਨ ਕਰਨ। ਹਸਪਤਾਲਾਂ 'ਚ ਜਦੋਂ ਉਹ ਸੈਂਪਲ ਲਈ ਜਾਂਦੇ ਹਨ ਅਤੇ ਇੱਥੇ ਮਰੀਜ਼ ਕੁਆਰੰਟਾਈਨ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੇਂਦਰੀ ਹਥਿਆਰਬੰਦ ਫੋਰਸ ਵੀ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕੰਪਲੈਕਸਾਂ 'ਚ ਕੈਂਪ ਲਾਉਣ ਤੋਂ ਇਲਾਵਾ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਵਿਸ਼ਵਾਸ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਕੋਵਿਡ-19 ਦੀ ਚੇਨ ਨੂੰ ਤੋੜਨ 'ਚ ਸਫਲਤਾ ਹਾਸਲ ਜ਼ਰੂਰ ਕਰਾਂਗੇ।