ਰਾਜ ਸਭਾ 'ਚ ਬੋਲੇ ਹਰਸ਼ਵਰਧਨ- ਭਾਰਤ 'ਚ ਕੋਰੋਨਾ ਮੌਤ ਦਰ ਬਹੁਤ ਘੱਟ
Tuesday, Sep 15, 2020 - 03:05 PM (IST)
ਨਵੀਂ ਦਿੱਲੀ— ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਸਰਕਾਰ ਨੇ ਪ੍ਰਭਾਵੀ ਕਦਮ ਚੁੱਕੇ ਹਨ, ਜਿਸ ਕਾਰਨ ਵਾਇਰਸ ਨਾਲ ਮੌਤ ਦਰ ਹੋਰ ਦੇਸ਼ਾਂ ਦੀ ਤੁਲਨਾ 'ਚ ਬਹੁਤ ਘੱਟ ਹੈ। ਹਰਸ਼ਵਰਧਨ ਨੇ ਸਦਨ 'ਚ ਕੋਰੋਨਾ ਮਹਾਮਾਰੀ ਅਤੇ ਸਰਕਾਰ ਦੇ ਕਦਮ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਸਰਕਾਰ ਇਸ ਮਹਾਮਾਰੀ ਦਾ ਰਣਨੀਤਕ ਤਰੀਕੇ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਅਜੇ ਤੱਕ ਸਫਲ ਰਹੀ ਹੈ। ਸਰਕਾਰ ਨੂੰ ਕੋਰੋਨਾ ਦੇ ਨਵੇਂ ਮਾਮਲੇ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ 'ਤੇ ਰੋਕ ਲਾਉਣ 'ਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਤਕਰੀਬਨ 14 ਲੱਖ ਤੋਂ 29 ਲੱਖ ਮਾਮਲੇ ਅਤੇ 37,000 ਤੋਂ 78,000 ਮੌਤਾਂ ਹੋਣ ਤੋਂ ਬਚਾਅ ਹੋ ਗਿਆ। ਇਹ 4 ਮਹੀਨਿਆਂ ਦੀ ਵਰਤੋਂ ਸਿਹਤ ਦੇ ਵਾਧੂ ਬੁਨਿਆਦੀ ਢਾਂਚੇ, ਮਨੁੱਖੀ ਸਰੋਤਾਂ, ਅਤੇ ਪੀਪੀਈ ਕਿੱਟਾਂ, ਐਨ 95 ਮਾਸਕ ਅਤੇ ਵੈਂਟੀਲੇਟਰਾਂ ਦੇ ਉਤਪਾਦਨ ਲਈ ਵਰਤੀ ਗਈ ਸੀ।
ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਵਿਚ 13 ਸੂਬਿਆਂ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਹਨ ਪਰ ਦੁਨੀਆ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਇਹ ਸਥਿਤੀ ਜ਼ਿਆਦਾ ਬਿਹਤਰ ਹੈ। ਕੋਰੋਨਾ ਕਾਰਨ ਜ਼ਿਆਦਾਤਰ ਕੇਸ ਅਤੇ ਮੌਤਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਦਿੱਲੀ, ਅਸਾਮ, ਕੇਰਲ, ਪੱਛਮੀ ਬੰਗਾਲ, ਬਿਹਾਰ, ਤੇਲੰਗਾਨਾ, ਓਡੀਸ਼ਾ ਅਤੇ ਗੁਜਰਾਤ ਤੋਂ ਹਨ। ਸਰਕਾਰ ਦੀ ਕੋਸ਼ਿਸ਼ਾਂ ਸਦਕਾ ਕੋਰੋਨਾ ਵਾਇਰਸ 'ਤੇ ਰੋਕ ਲੱਗੀ ਹੈ। ਕੋਰੋਨਾ ਪੀੜਤਾਂ ਦੇ ਕੇਸ ਭਾਰਤ ਦੁਨੀਆ 'ਚ ਦੂਜੇ ਨੰਬਰ 'ਤੇ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆਏ ਕੁੱਲ ਪੀੜਤਾਂ ਦੀ ਗਿਣਤੀ 48 ਲੱਖ ਦੇ ਪਾਰ ਜਾ ਚੁੱਕੀ ਹੈ, ਜਦਕਿ ਇਸ ਵਾਇਰਸ ਤੋਂ 79 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ 37,7 ਲੱਖ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਸਿਹਤਯਾਬ ਹੋਣ ਵਾਲਿਆਂ ਦੀ ਦਰ ਕਰੀਬ 77.77 ਫੀਸਦੀ ਹੈ।