CBI ਨੇ ਆਪਣੇ ਹੱਥਾਂ ''ਚ ਲਈ ਹਾਥਰਸ ਕੇਸ ਦੀ ਜਾਂਚ, ਕੇਸ ਕੀਤਾ ਦਰਜ
Sunday, Oct 11, 2020 - 12:38 PM (IST)
ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਹਾਥਰਸ 'ਚ 19 ਸਾਲਾ ਕੁੜੀ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਨੇ ਆਪਣੇ ਹੱਥਾਂ 'ਚ ਲੈ ਲਈ ਹੈ। ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਕਤਲ, ਕਤਲ ਦੀ ਕੋਸ਼ਿਸ਼, ਸਮੂਹਕ ਬਲਾਤਕਾਰ ਅਤੇ ਐੱਸ. ਸੀ- ਐੱਸ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣੇ ਵਿਚ ਇਸ ਘਟਨਾ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ 'ਤੇ ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਦੀ ਨੋਟੀਫ਼ਿਕੇਸ਼ਨ ਮਗਰੋਂ ਸੀ. ਬੀ. ਆਈ. ਨੇ ਇਸ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਲਈ ਏਜੰਸੀ ਨੇ ਇਕ ਟੀਮ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ ਸਮੂਹਕ ਬਲਾਤਕਾਰ ਦੀ ਸ਼ਿਕਾਰ ਹੋਈ ਕੁੜੀ ਦੀ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ 29 ਸਤੰਬਰ ਨੂੰ ਮੌਤ ਹੋ ਗਈ ਸੀ। ਹਾਥਰਸ 'ਚ 14 ਸਤੰਬਰ ਨੂੰ ਕੁੜੀ ਨਾਲ ਕਥਿਤ ਤੌਰ 'ਤੇ ਸਮੂਹਕ ਬਲਾਤਕਾਰ ਹੋਇਆ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਸੂਬਾ ਸਰਕਾਰ ਨੇ ਸੀ. ਬੀ. ਆਈ. ਜਾਂਚ ਦੀ ਸਿਫਾਰਸ਼ ਕੀਤੀ ਸੀ, ਜਿਸ 'ਤੇ ਕੇਂਦਰ ਸਰਕਾਰ ਨੇ ਕੱਲ ਦੇਰ ਰਾਤ ਮੋਹਰ ਲਾ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸੀ. ਬੀ. ਆਈ. ਫੋਰੈਂਸਿਕ ਮਾਹਰਾਂ ਨਾਲ ਹਾਥਰਸ ਜਾ ਸਕਦੀ ਹੈ।
ਹਾਥਰਸ ਕੇਸ ਦੀ ਜਾਂਚ ਹੁਣ ਤੱਕ ਐੱਸ. ਆਈ. ਟੀ. ਕਰਦੀ ਰਹੀ ਹੈ। ਕੇਸ ਦੀ ਜਾਂਚ ਦਾ ਜ਼ਿੰਮਾ ਐੱਸ. ਆਈ. ਟੀ. ਨੂੰ ਸੌਂਪੇ ਜਾਣ ਮਗਰੋਂ ਉਸ ਦੇ ਪਿੰਡ ਦੇ 40 ਲੋਕਾਂ ਨੂੰ ਪੁੱਛ-ਗਿੱਛ ਲਈ ਨੋਟਿਸ ਭੇਜਿਆ ਸੀ। ਇਨ੍ਹਾਂ ਵਿਚੋਂ ਕਾਫੀ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ।